ਧਰਮ ਯੁੱਧ ਮੋਰਚੇ ''ਚ ਸੰਗਤ ਦਾ ਹੜ੍ਹ, ਮੋਰਚਾ ਕਮੇਟੀ ਨੇ 17 ਤੋਂ ਮੰਤਰੀਆਂ ਦੇ ਘਰ ਘੇਰਨ ਦਾ ਕੀਤਾ ਐਲਾਨ

Sunday, Mar 15, 2026 - 07:42 PM (IST)

ਧਰਮ ਯੁੱਧ ਮੋਰਚੇ ''ਚ ਸੰਗਤ ਦਾ ਹੜ੍ਹ, ਮੋਰਚਾ ਕਮੇਟੀ ਨੇ 17 ਤੋਂ ਮੰਤਰੀਆਂ ਦੇ ਘਰ ਘੇਰਨ ਦਾ ਕੀਤਾ ਐਲਾਨ

ਸਮਾਣਾ : ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਸਮਾਣਾ ਦੇ 400 ਫੁੱਟ ਉੱਚੇ ਟਾਵਰ 'ਤੇ ਬੈਠ ਕੇ ਪਿਛਲੇ 540 ਦਿਨਾਂ ਤੋਂ ਕੀਤੇ ਜਾ ਰਹੇ ਇਤਿਹਾਸਕ ਸੰਘਰਸ਼ ਨੂੰ ਅੱਜ ਵੱਡਾ ਸਮਰਥਨ ਪ੍ਰਾਪਤ ਹੋਇਆ ਜਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਨੌਜਵਾਨ ਜਥੇਬੰਦੀਆਂ 'ਧਰਮ ਯੁੱਧ ਮੋਰਚਾ' ਸਮਾਣਾ ਵਿਖੇ ਪਹੁੰਚੀਆਂ। ਪਿਛਲੇ 20 ਦਿਨਾਂ ਤੋਂ ਸਮਾਣੇ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਪੱਕੇ ਤੌਰ ਤੇ ਲੱਗਾ ਹੋਇਆ ਧਰਨਾ ਅੱਜ ਉਸ ਵੇਲੇ ਵਿਰਾਟ ਰੂਪ ਧਾਰਨ ਕਰ ਗਿਆ ਜਦ ਪੰਜਾਬ ਦੇ ਕੋਨੇ ਕੋਨੇ ਚੋਂ ਬੱਸਾਂ, ਕਾਰਾਂ ਤੇ ਹੋਰ ਸਾਧਨਾ ਦੇ ਰਾਹੀਂ ਸੰਗਤਾਂ ਮੋਰਚੇ ਵਿੱਚ ਪਹੁੰਚੀਆਂ। 

PunjabKesari

ਪਹਿਲਾਂ ਹੀ ਖਚਾ-ਖਚ ਭਰੇ ਮੋਰਚੇ ਦੇ ਵਿਹੜੇ ਵਿੱਚ ਨੌਜਵਾਨ ਆਗੂ ਭਾਨਾ ਸਿੱਧੂ ਅਤੇ ਹੋਰ ਸਮਰਥਕਾਂ ਵੱਲੋਂ ਲਿਆਂਦੇ ਗਏ 600 ਗੱਡੀਆਂ ਦੇ ਵਿਸ਼ਾਲ ਰੋਸ ਮਾਰਚ ਨਾਲ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆਉਣ ਲੱਗੀ, ਸਮਾਣੇ ਦੀ ਧਰਤੀ 'ਤੇ ਅਜਿਹਾ ਪਹਿਲਾ ਇਕੱਠ ਹੋਇਆ ਜਿਸ 'ਚ ਮੋਰਚਾ ਕਮੇਟੀ ਨੇ ਸਰਕਾਰ ਦੇ ਅੜੀਅਲ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ 16 ਨੂੰ ਕਾਨੂੰਨ ਨਾ ਲਾਗੂ ਹੋਣ ਦੀ ਸੂਰਤ ਵਿੱਚ 17 ਮਾਰਚ ਤੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਘੇਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ 17 ਨੂੰ ਦਿੜਬਾ ਤੋਂ ਵਿਧਾਇਕ ਅਤੇ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਹਿਰਾ ਗਾਗਾ ਤੋਂ ਵਿਧਾਇਕ ਅਤੇ ਮੰਤਰੀ ਵਰਿੰਦਰ ਗੋਇਲ ਦਾ ਘਰ ਘੇਰਿਆ ਜਾਏਗਾ, ਜਿਸ ਲਈ ਮੋਰਚੇ ਤੋਂ ਸੰਗਤਾਂ ਦੇ ਕਾਫਲੇ ਰਵਾਨਾ ਹੋਇਆ ਕਰਨਗੇ‌। ਇਹ ਸਿਲਸਿਲਾ ਹਰ ਰੋਜ਼ ਹੋਏਗਾ ਤੇ ਅਖੀਰ ਵਿੱਚ ਮੁੱਖ ਮੰਤਰੀ ਨਿਵਾਸ ਦਾ ਘਰਾਓ ਕੀਤਾ ਜਾਏਗਾ। 

PunjabKesari

ਮੋਰਚੇ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਅਮਿਤੋਜ਼ ਸਿੰਘ ਮਾਨ, ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਮੋਰਚਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਔਲਖ, ਖੁਸ਼ਇੰਦਰ ਸਿੰਘ ਚਮਕੌਰ ਸਾਹਿਬ ਅਤੇ ਬਾਬਾ ਅਮਰਜੀਤ ਸਿੰਘ ਮਰਿਆਦਾ ਨੇ ਸਾਂਝੇ ਤੌਰ 'ਤੇ ਘਿਰਾਓ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਮੌਕੇ ਪਹੁੰਚੇ ਬੁਲਾਰਿਆਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਬੇਨਤੀ ਕੀਤੀ ਕਿ ਕਾਨੂੰਨ ਨਾ ਲਾਗੂ ਹੋਣ ਦੀ ਸੂਰਤ ਵਿੱਚ ਸਰਕਾਰ ਦੇ ਵਿਧਾਇਕਾਂ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਟੇਜਾਂ 'ਤੇ ਬੋਲਣ ਤੇ ਮਨਾਈ ਦਾ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਏ। ਸੰਗਤਾਂ ਵੱਲੋਂ ਆਕਾਸ਼ ਗੂੰਜਦੇ ਜੈਕਾਰਿਆਂ ਨਾਲ ਜਪ ਤਪ ਸੰਜਮ ਮੋਰਚੇ ਦੇ ਫੈਸਲੇ ਤੇ ਫੁੱਲ ਚੜਾਉਂਦਾ ਐਲਾਨ ਕੀਤਾ। 

PunjabKesari

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਤਾ ਪਰਮਜੀਤ ਕੌਰ, ਭਾਈ ਰਣਜੀਤ ਸਿੰਘ, ਲੱਖਾ ਸਿੰਘ ਸਿਧਾਣਾ, ਪਰਵਿੰਦਰ ਸਿੰਘ ਝੋਟਾ, ਗਾਇਕ ਰੇਸ਼ਮ ਸਿੰਘ ਅਨਮੋਲ, ਬਰਜਿੰਦਰ ਸਿੰਘ ਪਰਵਾਨਾ, ਰਾਜ ਸਿੰਘ ਖਾਲਸਾ, ਕਵੀਸ਼ਰ ਗੁਰਜੰਟ ਸਿੰਘ ਬੈਂਕਾ, ਸੁਖਰਾਜ ਸਿੰਘ ਜੀਰਾ, ਤਲਵਿੰਦਰ ਸਿੰਘ ਮਾਨ, ਮਨਜੋਤ ਸਿੰਘ ਗੜਦੀਵਾਲ, ਹਰਜੀਤ ਸਿੰਘ ਤੇਈਪੁਰ, ਬਾਬਾ ਗੁਰਦੀਪ ਸਿੰਘ ਭੁੱਲਰ, ਰਮੀ ਸਹਿਗਲ, ਪੰਜਾਬ ਸਿਆਂ ਚੈਨਲ ਦੇ ਬਾਨੀ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ, ਭਾਈ ਸਾਹਿਬ ਸਿੰਘ, ਗੁਰਜੰਟ ਸਿੰਘ, ਹਰਿੰਦਰ ਸਿੰਘ ਚੇਅਰਮੈਨ, ਮਨਜਿੰਦਰ ਸਿੰਘ ਹੋਟਲਾ ਕਲਾਂ, ਕੁਲਦੀਪ ਸਿੰਘ ਕਪੂਰਥਲਾ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਕਸ਼ਮੀਰ ਸਿੰਘ,  ਡਾਕਟਰ ਸੋਨੂ ਸਿੰਘ, ਗੁਰਪ੍ਰੀਤ ਸਿੰਘ, ਲਾਭ ਸਿੰਘ ਦੋਦੜਾ, ਜੋਗਿੰਦਰ ਸਿੰਘ, ਜਸ਼ਨ ਸਿੰਘ ਸੈਂਕੜੇ ਆਗੂਆਂ ਅਤੇ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੰਗਰਾਂ ਦੀ ਸੇਵਾ ਬਾਬਾ ਬਲਬੀਰ ਸਿੰਘ ਜੀ ਗੜੀ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਜਥੇਦਾਰ ਬਾਬਾ ਰਾਣਾ ਸਿੰਘ ਜੀ ਕਰਤਾਰ ਕਰਹਾਲੀ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ ਵਾਲਿਆਂ ਵੱਲੋਂ ਸਤਿਗੁਰ ਅਤੇ ਕਈ ਨਗਰਾਂ ਦੀ ਸੰਗਤ ਵੱਲੋਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News