ਮੋਗਾ ਰੈਲੀ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ: ਅਨੀਲ ਸਰੀਨ
Monday, Mar 16, 2026 - 02:41 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਨੀਲ ਸਰੀਨ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 14 ਤਰੀਕ ਨੂੰ ਮੋਗਾ ਵਿਖੇ ਹੋਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਪੰਜਾਬ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਰੈਲੀ ਵਿੱਚ ਸਾਰਾ ਪੰਜਾਬ ਉਮੜ ਪਿਆ ਸੀ, ਜਿਸ ਨੇ ਭੀੜ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਨੀਲ ਸਰੀਨ ਨੇ ਅੰਕੜਿਆਂ ਸਹਿਤ ਦੱਸਿਆ ਕਿ ਪਾਰਟੀ ਲਗਭਗ 1 ਲੱਖ 58 ਹਜ਼ਾਰ ਲੋਕਾਂ ਨੂੰ ਮੋਬਲਾਈਜ਼ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗਰਾਊਂਡ ਪੱਧਰ 'ਤੇ ਤਿਆਰੀ ਕੀਤੀ ਸੀ ਅਤੇ ਸੂਬੇ ਦੇ 13 ਹਜ਼ਾਰ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਪੋਲਿੰਗ ਬੂਥ ਤੱਕ ਪਹੁੰਚ ਕੀਤੀ ਗਈ ਸੀ । ਸਰੀਨ ਅਨੁਸਾਰ, ਇਸ ਜਨ-ਸੈਲਾਬ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਹੁਣ ਬਦਲਾਅ ਚਾਹੁੰਦਾ ਹੈ।
ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ
ਰੈਲੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਪੰਜਾਬ ਵਿੱਚ ਬੱਸਾਂ ਦੀ ਕਮੀ ਪੈ ਗਈ। ਅਖੀਰਲੇ ਮੌਕੇ 'ਤੇ ਜੰਮੂ-ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਤੋਂ ਬੱਸਾਂ ਹਾਇਰ ਕਰਨੀਆਂ ਪਈਆਂ। ਰੈਲੀ ਲਈ ਕੁੱਲ 3,793 ਬੱਸਾਂ ਅਤੇ ਲਗਭਗ 2,500 ਕਾਰਾਂ ਤੇ ਇਨੋਵਾ ਗੱਡੀਆਂ ਰਾਹੀਂ ਲੋਕ ਮੋਗਾ ਪਹੁੰਚੇ। ਭਾਰੀ ਭੀੜ ਕਾਰਨ 15 ਕਿਲੋਮੀਟਰ ਤੱਕ ਲੰਬਾ ਜਾਮ ਲੱਗ ਗਿਆ, ਜਿਸ ਕਾਰਨ 800 ਤੋਂ ਵੱਧ ਬੱਸਾਂ ਰੈਲੀ ਵਾਲੀ ਥਾਂ ਤੱਕ ਨਹੀਂ ਪਹੁੰਚ ਸਕੀਆਂ ਅਤੇ ਲੋਕਾਂ ਨੂੰ 4-5 ਕਿਲੋਮੀਟਰ ਪੈਦਲ ਤੁਰ ਕੇ ਆਉਣਾ ਪਿਆ। ਸਰੀਨ ਨੇ ਦਾਅਵਾ ਕੀਤਾ ਕਿ ਹਰ ਬੱਸ ਨੂੰ ਇੱਕ QR ਕੋਡ ਜਾਰੀ ਕੀਤਾ ਗਿਆ ਸੀ ਅਤੇ ਬੱਸ ਇੰਚਾਰਜਾਂ ਵੱਲੋਂ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਗਈਆਂ ਸਨ, ਜਿਸ ਨਾਲ ਪਾਰਟੀ ਕੋਲ 10 ਵਜੇ ਤੱਕ ਸਹੀ ਸੰਖਿਆ ਆ ਚੁੱਕੀ ਸੀ । ਰੈਲੀ ਲਈ ਪਹਿਲਾਂ 84 ਕਿੱਲੇ ਜਗ੍ਹਾ ਲਈ ਗਈ ਸੀ, ਪਰ ਭਾਰੀ ਹੁੰਗਾਰੇ ਨੂੰ ਦੇਖਦਿਆਂ ਰਾਤੋ-ਰਾਤ 11 ਕਿੱਲੇ ਹੋਰ ਪਾਰਕਿੰਗ ਲਈ ਜਗ੍ਹਾ ਦਾ ਇੰਤਜ਼ਾਮ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਚਾਦਰ ਵਾਂਗ ਵਿੱਛੀ ਕਣਕ ਤੇ ਸਰੋਂ ਦੀ ਖੜ੍ਹੀ ਫਸਲ
ਮੌਜੂਦਾ 'ਆਪ' ਸਰਕਾਰ 'ਤੇ ਹਮਲਾ ਕਰਦਿਆਂ ਸਰੀਨ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਫੇਲ੍ਹ ਹੋ ਚੁੱਕੀ ਹੈ ਅਤੇ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਧੱਕ ਰਹੀ ਹੈ, ਜੋ ਮਾਰਚ ਦੇ ਅੰਤ ਤੱਕ 4.47 ਲੱਖ ਕਰੋੜ ਤੱਕ ਪਹੁੰਚ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ 2027 ਵਿੱਚ ਆਪਣੇ ਬਲਬੁੱਤੇ 'ਤੇ ਸਰਕਾਰ ਬਣਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ, ਗੈਂਗਸਟਰ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾ ਕੇ ਵਿਕਾਸ ਦੀ ਲਹਿਰ ਲਿਆਵੇਗੀ।
ਇਹ ਵੀ ਪੜ੍ਹੋ- ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ
ਕੇਂਦਰੀ ਪ੍ਰੋਜੈਕਟ ਅਤੇ ਚੰਡੀਗੜ੍ਹ ਦਾ ਮੁੱਦਾ
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੰਜਾਬ ਵਿੱਚ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਵਿੱਚ ਹਾਈਵੇਅ, ਏਮਜ਼ ਬਠਿੰਡਾ ਅਤੇ ਆਈਆਈਐਮ ਅੰਮ੍ਰਿਤਸਰ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਹਨ। ਚੰਡੀਗੜ੍ਹ ਬਾਰੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦੀ ਹੀ ਰਾਜਧਾਨੀ ਰਹੇਗਾ। ਅਖੀਰ ਵਿੱਚ ਉਨ੍ਹਾਂ ਇਸ ਸਫਲ ਰੈਲੀ ਲਈ ਸਮੁੱਚੇ ਪੰਜਾਬੀਆਂ ਅਤੇ ਮੋਗਾ ਨਿਵਾਸੀਆਂ ਦਾ ਧੰਨਵਾਦ ਕੀਤਾ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
