ਸਰਪੰਚ ਹੈਪੀ ਕਤਲ ਮਾਮਲੇ ''ਚ ਨਵਾਂ ਮੋੜ! ਰੁਪਿੰਦਰ ਕੌਰ ਦੀ ਸੱਸ ਨੇ ਕਰ''ਤੇ ਵੱਡੇ ਖੁਲਾਸੇ
Saturday, Mar 07, 2026 - 10:42 PM (IST)
ਬਾਘਾਪੁਰਾਣਾ (ਕਸ਼ਿਸ਼) : ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਹਰਬਿੰਦਰ ਸਿੰਘ ਉਰਫ਼ ਹੈਪੀ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ। ਇਸ ਮਾਮਲੇ ਵਿੱਚ ਹੁਣ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ, ਜਿੱਥੇ ਇੱਕ ਪਾਸੇ ਰੁਪਿੰਦਰ ਕੌਰ ਨਾਮੀ ਮਹਿਲਾ ਨੇ ਆਪਣੇ ਪਤੀ ਅਤੇ ਭਰਾ 'ਤੇ ਕਤਲ ਦੇ ਇਲਜ਼ਾਮ ਲਗਾਏ ਹਨ, ਉੱਥੇ ਹੀ ਉਸਦੀ ਸੱਸ ਚਰਨਜੀਤ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਆਪਣੀ ਨੂੰਹ 'ਤੇ ਹੀ ਪਰਿਵਾਰ ਨੂੰ ਬਰਬਾਦ ਕਰਨ ਦੇ ਇਲਜ਼ਾਮ ਲਗਾਏ ਹਨ।
ਰੁਪਿੰਦਰ ਕੌਰ ਦੇ ਗੰਭੀਰ ਇਲਜ਼ਾਮ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਰੁਪਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਸਰਪੰਚ ਹੈਪੀ ਉਸਦੀ ਮਦਦ ਕਰ ਰਹੇ ਸਨ ਕਿਉਂਕਿ ਉਸਦਾ ਪਤੀ ਮਨਪ੍ਰੀਤ ਸਿੰਘ ਉਰਫ਼ ਬਬਲੂ ਅਤੇ ਉਸਦਾ ਆਪਣਾ ਭਰਾ ਉਸਦਾ ਸਰੀਰਕ ਸ਼ੋਸ਼ਣ ਕਰਦੇ ਸਨ। ਰੁਪਿੰਦਰ ਅਨੁਸਾਰ, ਸਰਪੰਚ ਦੀ ਮਦਦ ਨਾਲ ਹੀ ਉਹ ਉਸ ਘਰੋਂ ਬਾਹਰ ਨਿਕਲ ਸਕੀ ਸੀ, ਜਿਸ ਦੀ ਰੰਜਿਸ਼ ਰੱਖਦਿਆਂ ਉਸਦੇ ਪਤੀ ਅਤੇ ਭਰਾ ਨੇ ਸਰਪੰਚ ਦਾ ਕਤਲ ਕਰ ਦਿੱਤਾ।
ਸੱਸ ਚਰਨਜੀਤ ਕੌਰ ਦੇ ਵੱਡੇ ਖੁਲਾਸੇ
ਦੂਜੇ ਪਾਸੇ, ਰੁਪਿੰਦਰ ਕੌਰ ਦੀ ਸੱਸ ਚਰਨਜੀਤ ਕੌਰ ਨੇ ਮੀਡੀਆ ਸਾਹਮਣੇ ਆ ਕੇ ਆਪਣੀ ਨੂੰਹ ਦੇ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਅਨੁਸਾਰ ਰੁਪਿੰਦਰ ਅਤੇ ਮਨਪ੍ਰੀਤ ਦਾ ਵਿਆਹ 2023 ਵਿੱਚ ਪ੍ਰੇਮ ਵਿਆਹ ਹੋਇਆ ਸੀ, ਪਰ ਵਿਆਹ ਤੋਂ ਬਾਅਦ ਰੁਪਿੰਦਰ ਦਾ ਸੁਭਾਅ ਠੀਕ ਨਹੀਂ ਸੀ ਅਤੇ ਉਹ ਸਾਰਾ ਦਿਨ ਫੋਨ 'ਤੇ ਰੀਲਾਂ ਬਣਾਉਣ ਵਿੱਚ ਮਸਤ ਰਹਿੰਦੀ ਸੀ। ਚਰਨਜੀਤ ਕੌਰ ਨੇ ਦੱਸਿਆ ਕਿ ਰੁਪਿੰਦਰ ਦੀ ਸਰਪੰਚ ਹੈਪੀ ਅਤੇ ਉਸਦੀ ਪਤਨੀ ਨਾਲ ਨੇੜਤਾ ਕਾਫੀ ਵੱਧ ਗਈ ਸੀ ਅਤੇ 21 ਜੂਨ 2025 ਨੂੰ ਸਰਪੰਚ ਉਸਨੂੰ ਆਪਣੇ ਨਾਲ ਲੈ ਗਿਆ ਸੀ, ਜਿਸ ਤੋਂ ਬਾਅਦ ਉਸਨੇ ਅਦਾਲਤ ਵਿੱਚ ਤਲਾਕ ਦਾ ਕੇਸ ਵੀ ਕਰ ਦਿੱਤਾ ਸੀ।
ਪੁਲਸ ਕਾਰਵਾਈ ਅਤੇ ਮੌਜੂਦਾ ਸਥਿਤੀ
ਪੁਲਸ ਨੇ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਪਤੀ ਮਨਪ੍ਰੀਤ ਸਿੰਘ, ਭਰਾ ਜੋਬਨਪ੍ਰੀਤ ਸਿੰਘ, ਪਿਤਾ ਜਸਵੰਤ ਸਿੰਘ ਅਤੇ ਹੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਾਰਵਾਈ ਕਰਦਿਆਂ ਜੋਬਨਪ੍ਰੀਤ ਅਤੇ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਸਦਾ ਵੱਡਾ ਪੁੱਤਰ ਮਨਪ੍ਰੀਤ ਲਾਪਤਾ ਹੈ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ, ਜਦਕਿ ਉਸਦੇ ਛੋਟੇ ਪੁੱਤਰ ਅਤੇ ਪਤੀ ਨੂੰ ਪੁਲਿਸ ਖੇਤਾਂ ਵਿੱਚੋਂ ਚੁੱਕ ਕੇ ਲੈ ਗਈ ਹੈ।
ਇਸ ਮਾਮਲੇ 'ਚ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਨੰਦ ਨੇ ਵੀ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਫਿਲਹਾਲ ਚਰਨਜੀਤ ਕੌਰ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਆਪਣੇ ਪਰਿਵਾਰ ਨੂੰ ਬੇਗੁਨਾਹ ਦੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
