ਬਾਜਵਾ ਦਾ ਵੱਡਾ ਦਾਅਵਾ- ''ਆਪ'' ਦੇ ਇਨ੍ਹਾਂ ਆਗੂਆਂ ਨੇ ਕੀਤਾ ਰਾਜਪਾਲ ਦੇ ਭਾਸ਼ਣ ਦਾ ''ਬਾਈਕਾਟ'', ਸਦਨ ''ਚੋਂ ਆਏ ਬਾਹਰ
Friday, Mar 06, 2026 - 12:00 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਹੰਗਾਮਾ ਹੋ ਗਿਆ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਵੇਲੇ ਵਿਰੋਧੀ ਧਿਰ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮਗਰੋਂ ਕਾਂਗਰਸ ਪਾਰਟੀ ਸਦਨ 'ਚੋਂ ਵਾਕਆਊਟ ਕਰ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਹੋਰ ਮੰਤਰੀ ਵੀ ਮੀਡੀਆ ਨਾਲ ਗੱਲਬਾਤ ਕਰਨ ਲਈ ਬਾਹਰ ਆ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਕਿ ਜਿਸ ਵਿੱਤ ਮੰਤਰੀ ਨੇ ਰਾਜਪਾਲ ਦਾ ਭਾਸ਼ਣ ਤਿਆਰ ਕਰਵਾਇਆ ਹੈ, ਉਹ ਖ਼ੁਦ ਉਸ ਨੂੰ ਤਵੱਜੋ ਨਹੀਂ ਦੇ ਰਿਹਾ। ਇਸ ਭਾਸ਼ਣ ਨੂੰ 'ਝੂਠ ਦਾ ਪੁਲੰਦਾ' ਦੱਸਦਿਆਂ ਬਾਜਵਾ ਨੇ ਆਖਿਆ ਕਿ ਸਾਡੇ ਨਾਲ-ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੀ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕਰਦਿਆਂ ਵਾਕਆਊਟ ਕਰ ਗਏ ਹਨ। ਉਨ੍ਹਾਂ ਆਖਿਆ ਕਿ ਅੰਦਰ ਗਵਰਨਰ ਐਡ੍ਰੈੱਸ ਚੱਲ ਰਿਹਾ ਹੈ, ਉੱਥੇ ਹੀ ਬਾਹਰ ਅਮਨ ਐਡ੍ਰੈੱਸ ਚੱਲ ਰਿਹਾ ਹੈ।
ਬਾਜਵਾ ਨੇ ਪੰਜਾਬ ਸਿਰ ਭਾਰੀ ਹੁੰਦੀ ਕਰਜ਼ੇ ਦੀ ਪੰਡ ਨੂੰ ਲੈ ਕੇ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਗਾਇਆ ਕਿ ਇਹ ਪੰਜਾਬ ਦੀਆਂ ਜ਼ਮੀਨਾਂ ਵੇਚਣ ਦੀ ਕੋਸ਼ਿਸ ਕਰ ਰਹੇ ਹਨ, ਹਰ ਰੋਜ਼ ਨਵੀਂ ਤੋਂ ਨਵੀਂ ਪਾਲਿਸੀ ਲਿਆਂਦੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੀਆਂ ਜ਼ਮੀਨਾਂ ਵੇਚ ਸਕੀਏ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ।
