''ਭਗਵੰਤ ਮਾਨ ਨੇ ਕੇਜਰੀਵਾਲ ਦੇ ਹੱਥ ਕੀਤਾ ਪੰਜਾਬ ਦਾ ਸੌਦਾ'', ਅਸ਼ਵਨੀ ਸ਼ਰਮਾ ਨੇ ਘੇਰੀ ਪੰਜਾਬ ਸਰਕਾਰ (ਵੀਡੀਓ)
Wednesday, Mar 04, 2026 - 02:00 PM (IST)
ਫਤਿਹਗੜ੍ਹ ਸਾਹਿਬ (ਵੈੱਬ ਡੈਸਕ, ਜਗਦੇਵ) : ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਵੱਲੋਂ ਸਾਲ 2027 ਦੀਆਂ ਚੋਣਾਂ ਨੂੰ ਲੈ ਕੇ ਆਪੋ-ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਆਰੰਭ ਕਰ ਦਿੱਤੀਆਂ ਗਈਆਂ ਹਨ। ਵੱਖ-ਵੱਖ ਪਾਰਟੀਆਂ ਵੱਲੋਂ ਪਹਿਲਾਂ ਹੀ ਚੋਣਾਂ ਨੂੰ ਲੈ ਕੇ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੇ ਪੰਜਾਬ ਭਰ 'ਚ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਰੈਲੀ 'ਚ ਸ਼ਮੂਲੀਅਤ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ।
ਇਹ ਵੀ ਪੜ੍ਹੋ : ਪੰਜਾਬ : ਸ਼ਮਸ਼ਾਨਘਾਟ ਦੀ ਰਾਖ ਨਾਲ ਹੋਲੀ! ਦੁਕਾਨਾਂ 'ਤੇ ਟੰਗੀਆਂ ਹੱਡੀਆਂ, ਹੈਰਾਨ ਕਰੇਗੀ ਪੂਰੀ ਖ਼ਬਰ
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸੀਨੀਅਰ ਆਗੂ ਜਗਦੀਪ ਚੀਮਾ ਅਤੇ ਗੇਜਾ ਰਾਮ ਵਾਲਮੀਕ ਮੌਜੂਦ ਸਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ 117 ਸੀਟਾਂ 'ਤੇ ਭਾਜਪਾ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਮੋਗਾ 'ਚ ਵਿਸ਼ਾਲ ਰੈਲੀ ਨੂੰ ਲੈ ਕੇ ਵਰਕਰਾਂ 'ਚ ਉਤਸ਼ਾਹ ਹੈ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਰੈਲੀ 'ਚ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇl ਉਨ੍ਹਾਂ ਕਿਹਾ ਕਿ ਰੈਲੀ 'ਚ ਵਿਸ਼ੇਸ਼ ਤੌਰ 'ਤੇ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਅਤੇ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਅੱਜ ਵੱਡੇ ਖ਼ਤਰੇ ਦੀ ਘੰਟੀ! ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ, ਪੜ੍ਹੋ ਇਹ ਖ਼ਬਰ
ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਪੰਜਾਬ 'ਚ ਕਾਨੂੰਨ ਵਿਵਸਥਾ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋਈ ਹੈ ਅਤੇ ਪੰਜਾਬ 'ਚ ਇਸ ਵੇਲੇ ਕਾਨੂੰਨ ਦਾ ਨਹੀਂ, ਸਗੋਂ ਮਾਫ਼ੀਆ ਰਾਜ ਚੱਲ ਰਿਹਾ ਹੈ। ਪਾਰਟੀ ਦੇ ਹੀ ਅਫ਼ਸਰ ਪਾਰਟੀ 'ਤੇ ਵੱਡੇ ਇਲਜ਼ਾਮ ਲਾ ਰਹੇ ਹਨ ਪਰ ਹੁਣ ਪੰਜਾਬੀ ਬਦਲਾਅ ਚਾਹੁੰਦੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਮਿਤ ਸ਼ਾਹ ਦਾ ਮੋਗਾ ਰੈਲੀ 'ਚ ਆਉਣਾ ਪੰਜਾਬ ਦੀ ਸਿਆਸਤ 'ਚ ਨਵਾਂ ਮੋੜ ਲੈ ਕੇ ਆਵੇਗਾ ਅਤੇ ਭਾਜਪਾ ਨੂੰ ਵੀ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ, ਕੇਜਰੀਵਾਲ ਦੇ ਹੱਥ ਪੰਜਾਬ ਦਾ ਸੌਦਾ ਕਰਕੇ ਬੈਠ ਗਿਆ ਹੈ। ਉਨ੍ਹਾਂ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਨਾਲ ਪਿਆਰ ਨਹੀਂ ਕੀਤਾ। ਰਾਹੁਲ ਗਾਂਧੀ ਨਾ ਪੰਜਾਬ ਨੂੰ ਜਾਣਦਾ ਹੈ ਅਤੇ ਨਾ ਪੰਜਾਬੀ ਦੀ ਮਿੱਟੀ ਨੂੰ ਜਾਣਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
