ਕੁਦਰਤ ਦਾ ਕ੍ਰਿਸ਼ਮਾ! 114 ਸਾਲਾ ਬੇਬੇ ਦੇ ਮੁੜ ਆਏ ਦੰਦ, ਪਰ ਫਿੰਗਰਪ੍ਰਿੰਟ ਨਾ ਲੱਗਣ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੀ
Saturday, Mar 14, 2026 - 06:48 AM (IST)
ਹੁਸ਼ਿਆਰਪੁਰ : ਕੁਦਰਤ ਦੇ ਰੰਗ ਨਿਆਰੇ ਹਨ, ਜਿਸ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਹੁਸ਼ਿਆਰਪੁਰ ਦੇ ਤਲਵਾੜਾ ਏਰੀਏ ਦੇ ਪਿੰਡ ਦਰਵਾਲੀ ਕਲਾਂ ਦੀ ਦੇਖਣ ਨੂੰ ਮਿਲੀ ਹੈ। ਇੱਥੇ 114 ਸਾਲਾਂ ਦੀ ਇੱਕ ਬਜ਼ੁਰਗ ਮਾਤਾ, ਧਰਮੋ ਦੇਵੀ ਜਿਨ੍ਹਾਂ ਦੀ ਉਮਰ ਸੈਂਕੜਾ ਪਾਰ ਕਰ ਚੁੱਕੀ ਹੈ, ਦੇ ਦੁਬਾਰਾ ਦੰਦ ਨਿਕਲਣੇ ਸ਼ੁਰੂ ਹੋ ਗਏ ਹਨ। ਜਿੱਥੇ ਪਰਿਵਾਰ ਇਸ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਮੰਨ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰੀ ਸਹੂਲਤਾਂ ਤੋਂ ਵਾਂਝੀ ਹੋਈ ਸੇਵਾ ਕੇਂਦਰਾਂ ਦੇ ਚੱਕਰ ਲਾ-ਲਾ ਕੇ ਥੱਕ ਚੁੱਕੀ ਮਾਤਾ ਨੇ ਮੀਡੀਆ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ 'ਚ 14 ਉਡਾਣਾਂ ਦਾ ਪ੍ਰਸਤਾਵ
ਮਾਤਾ ਦੇ ਪੁੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੀ ਉਮਰ ਲਗਭਗ 114 ਸਾਲ ਹੈ। ਉਨ੍ਹਾਂ ਕਿਹਾ, "ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਉਮਰ ਵਿੱਚ ਵੀ ਮਾਤਾ ਸਾਡੇ ਸਿਰ 'ਤੇ ਹੱਥ ਰੱਖੀ ਬੈਠੇ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਉਮਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ (ਫਿੰਗਰਪ੍ਰਿੰਟ) ਮਿਟ ਚੁੱਕੀਆਂ ਹਨ ਜਿਸ ਕਾਰਨ ਬਾਇਓਮੀਟ੍ਰਿਕ ਮਸ਼ੀਨਾਂ 'ਤੇ ਉਨ੍ਹਾਂ ਦੇ ਅੰਗੂਠੇ ਨਹੀਂ ਲੱਗਦੇ। ਫਿੰਗਰਪ੍ਰਿੰਟ ਨਾ ਲੱਗਣ ਕਾਰਨ ਮਾਤਾ ਨੂੰ ਮਿਲਣ ਵਾਲਾ ਸਰਕਾਰੀ ਰਾਸ਼ਨ ਅਤੇ ਹੋਰ ਸਹੂਲਤਾਂ ਬੰਦ ਹੋ ਗਈਆਂ ਹਨ। ਇੰਨਾ ਹੀ ਨਹੀਂ, ਸਰਕਾਰ ਵੱਲੋਂ ਚਲਾਈ ਗਈ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਇਸੇ ਤਕਨੀਕੀ ਕਾਰਨ ਕਰਕੇ ਨਹੀਂ ਬਣ ਰਿਹਾ। ਪੁੱਤਰ ਬਿਸ਼ਨ ਸਿੰਘ ਨੇ ਦੱਸਿਆ ਕਿ ਮਾਤਾ ਇਸ ਗੱਲ ਨੂੰ ਲੈ ਕੇ ਕਾਫੀ ਭਾਵੁਕ ਹੋ ਜਾਂਦੇ ਹਨ ਕਿ ਜਦੋਂ ਸਰਕਾਰ ਸਭ ਨੂੰ ਸਹੂਲਤਾਂ ਦੇ ਰਹੀ ਹੈ, ਤਾਂ ਉਨ੍ਹਾਂ ਦਾ ਹੱਕ ਕਿਉਂ ਮਾਰਿਆ ਜਾ ਰਿਹਾ ਹੈ।
ਜੇਕਰ ਦੇਖਿਆ ਜਾਵੇ ਤਾਂ ਬਜ਼ੁਰਗ ਸਾਡਾ ਮਾਣ ਹਨ, ਜੇਕਰ ਕਿਸੇ ਬਜ਼ੁਰਗ ਦੇ ਸਰੀਰਕ ਬਦਲਾਅ ਕਾਰਨ ਫਿੰਗਰਪ੍ਰਿੰਟ ਨਹੀਂ ਲੱਗ ਰਹੇ, ਤਾਂ ਸਿਸਟਮ ਵਿੱਚ ਅਜਿਹੀ ਤਬਦੀਲੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ 114 ਸਾਲਾ ਬਜ਼ੁਰਗ ਮਾਤਾ ਦੀ ਸਾਰ ਲੈਂਦਾ ਹੈ ਜਾਂ ਫਿਰ ਕਾਗਜ਼ੀ ਕਾਰਵਾਈਆਂ ਅਤੇ ਤਕਨੀਕੀ ਖਾਮੀਆਂ ਦੇ ਚੱਲਦਿਆਂ ਇਹ ਕੁਦਰਤੀ ਕ੍ਰਿਸ਼ਮਾ ਸਿਸਟਮ ਦੀ ਭੇਂਟ ਚੜ੍ਹ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
