ਰੋਨਾਲਡੋ ਨੂੰ ਪਿੱਛੇ ਛੱਡ ਮੇਸੀ ਨੇ ਰਿਕਾਰਡ ਛੇਵੀਂ ਵਾਰ ਆਪਣੇ ਨਾਂ ਕੀਤਾ ਫੀਫਾ ਬੈਸਟ ਫੁੱਟਬਾਲਰ ਦਾ ਐਵਾਰਡ

09/24/2019 10:49:27 AM

ਸਪੋਰਟਸ ਡੈਸਕ— ਅਰਜਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਛੇਵੀਂ ਵਾਰ ਫੀਫਾ ਫੁੱਟਬਾਲਰ ਆਫ ਦਿ ਈਅਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਟਲੀ ਦੇ ਮਿਲਾਨ 'ਚ ਹੋਏ ਇਸ ਐਵਾਰਡ ਸਮਾਗਮ 'ਚ ਕ੍ਰਿਸਟੀਆਨੋ ਰੋਨਾਲਡੋ ਨੇ ਹਿੱਸਾ ਨਹੀਂ ਲਿਆ। ਫੀਫਾ ਬੈਸਟ ਪਲੇਅਰ ਆਫ ਦਿ ਈਅਰ ਦੀ ਖਿਤਾਬੀ ਦੋੜ 'ਚ ਮੇਸੀ ਅਤੇ ਰੋਨਾਲਡੋ ਦੇ ਨਾਂ ਅੱਗੇ ਚੱਲ ਰਹੇ ਸਨ, ਪਰ ਅਖੀਰ 'ਚ ਮੇਸੀ ਨੇ ਬਾਜ਼ੀ ਮਾਰ ਲਈ। ਖਿਤਾਬ ਦੀ ਦੋੜ 'ਚ ਇਨ੍ਹਾਂ ਦੋਨਾਂ ਦਿੱਗਜਾਂ ਤੋਂ ਇਲਾਵਾ ਨੀਦਰਲੈਂਡ ਦੇ ਫੁੱਟਬਾਲਰ ਵਰਜਿਲ ਵਾਨ ਦਿੱਕ ਵੀ ਸ਼ਾਮਲ ਸਨ।

ਬਾਰਸਿਲੋਨਾ ਦੇ ਕਪਤਾਨ ਨੇ ਰਿਕਾਰਡ ਛੇਵੀਂ ਵਾਰ ਇਸ ਖਿਤਾਬ 'ਤੇ ਆਪਣਾ ਕਬਜਾ ਜਮਾਇਆ। ਮੇਸੀ ਇਸ ਤੋਂ ਪਹਿਲਾਂ 2009,2010, 2011, 2012 ਅਤੇ 2015 'ਚ ਇਹ ਇਨਾਮ ਜਿੱਤ ਚੁੱਕੇ ਹਨ। 2007 'ਚ ਬ੍ਰਾਜ਼ੀਲ ਦੇ ਕਾਕੇ ਦੇ ਇਹ ਐਵਾਰਡ ਜਿੱਤਣ ਤੋਂ ਬਾਅਦ 2017 ਤੱਕ ਇਸ ਐਵਾਰਡ 'ਤੇ ਮੇਸੀ ਅਤੇ ਰੋਨਾਲਡੋ ਦਾ ਹੀ ਕਬਜਾ ਰਿਹਾ ਹੈ। ਪੁਰਤਗਾਲ ਦੇ ਰੋਨਾਲਡੋ ਵੀ ਪੰਜ ਵਾਰ ਇਹ ਐਵਾਰਡ ਜਿੱਤ ਚੁੱਕੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਕਰੋਏਸ਼ੀਆ ਦੇ ਮਿਡਫੀਲਡਰ ਨੇ ਲੁਕਾ ਮੋਡਰਿਚ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਲੁਕਾ ਮੋਡਰਿਚ ਨੇ ਪਿਛਲੇ ਸਾਲ ਮੇਸੀ ਅਤੇ ਰੋਨਾਲਡੋ ਨੂੰ ਪਿੱਛੇ ਛੱਡ ਪਹਿਲਾ ਬਾਲੋਨ ਡੀ ਓਰ ਖਿਤਾਬ ਵੀ ਜਿੱਤੀਆ ਸੀ।

ਸਭ ਤੋਂ ਬਿਹਤਰੀਨ ਕੋਚ ਦਾ ਖਿਤਾਬ ਲੀਵਰਪੂਲ ਦੇ ਕਲਬ ਮੈਨੇਜਰ ਜਰਗਨ ਕਲਾਪ ਨੇ ਜਿੱਤਿਆ। ਉਨ੍ਹਾਂ ਨੇ ਪਿਛਲੇ ਸਾਲ ਇਸ ਟੀਮ ਨੂੰ ਆਪਣੀ ਕੋਚਿੰਗ ਨਾਲ ਚੈਂਪੀਅਨਸ ਲੀਗ ਦਾ ਖਿਤਾਬ ਜਿਤਾਇਆ ਸੀ। ਉਥੇ ਹੀ ਬੈਸਟ ਗੋਲਕੀਪਰ ਦਾ ਐਵਾਰਡ ਵੀ ਲੀਵਰਪੂਲ ਟੀਮ ਦੇ ਐਲਿਸਨ ਨੂੰ ਮਿਲਿਆ।

ਉਥੇ ਹੀ ਮਹਿਲਾ ਖਿਡਾਰੀਆਂ 'ਚ ਪਹਿਲੀ ਵਾਰ ਫੀਫਾ ਵੂਮੇਨ ਫੁੱਟਬਾਲਰ ਆਫ ਦਿ ਈਅਰ ਦਾ ਖਿਤਾਬ ਮੇਗਨ ਰਪਿਨੋ ਨੇ ਜਿੱਤਿਆ। ਬੈਸਟ ਮਹਿਲਾ ਗੋਲਕੀਪਰ ਦਾ ਐਵਾਰਡ ਨੀਦਰਲੈਂਡ ਦੀ ਖਿਡਾਰੀ ਵੈਨ ਵੀਨੇਦਾਲ ਨੂੰ ਮਿਲਿਆ ਹੈ। ਅਮਰੀਕੀ ਟੀਮ ਦੀ ਕੋਚ ਜਿਲ ਐਲਿਸ ਨੂੰ ਸਭ ਤੋਂ ਬਿਹਤਰੀਨ ਕੋਚ ਦਾ ਐਵਾਰਡ ਮਿਲਿਆ।


Related News