ਲੱਕੀ ਓਬਰਾਏ ਹੱਤਿਆ ਕਾਂਡ: ਪਤਨੀ ਨੇ ਲਾਏ ਗੰਭੀਰ ਦੋਸ਼, ਕਿਹਾ- ''ਕਤਲ ਪਿੱਛੇ ਜੋਗਾ ਨਹੀਂ, ਕਿਸੇ ਵੱਡੇ ਨੇਤਾ ਦਾ ਹੱਥ''
Monday, Feb 23, 2026 - 02:12 AM (IST)
ਜਲੰਧਰ (ਮ੍ਰਿਦੁਲ) : ਆਮ ਆਦਮੀ ਪਾਰਟੀ ਆਗੂ ਲੱਕੀ ਓਬਰਾਏ ਕਤਲ ਕਾਂਡ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਅੱਜ ਕਾਫ਼ੀ ਦਿਨਾਂ ਬਾਅਦ ਲੱਕੀ ਓਬਰਾਏ ਦੇ ਕਤਲ ਕੇਸ ਵਿਚ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਕੱਢੇ ਗਏ ਕੈਂਡਲ ਮਾਰਚ ਦੌਰਾਨ ਭੜਕੇ ਲੋਕਾਂ ਨੇ ਪੁਲਸ ਤੰਤਰ ’ਤੇ ਸਿੱਧੇ ਤੌਰ ’ਤੇ ਸਰਪ੍ਰਸਤੀ ਦੇਣ ਦੇ ਦੋਸ਼ ਲਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸੱਚਾਈ ਸਾਹਮਣੇ ਨਹੀਂ ਆਉਂਦੀ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਭੀੜ ਨੇ ਇਕ ਸੁਰ ਵਿਚ ਨਾਅਰੇ ਲਾਏ-‘‘ਵੀ ਵਾਂਟ ਜਸਟਿਸ ਫ੍ਰਾਮ ਸਰਕਾਰ’’ ਅਤੇ ‘‘ਸਾਨੂੰ ਸਰਕਾਰ ਤੋਂ ਇਨਸਾਫ਼ ਚਾਹੀਦਾ ਹੈ।’’

ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਸਨਸਨੀਖੇਜ਼ ਵਾਰਦਾਤ ਦੇ ਪਿੱਛੇ ਨਾ ਸਿਰਫ਼ ਅਪਰਾਧਿਕ ਸਾਜ਼ਿਸ਼ ਹੈ, ਸਗੋਂ ਇਕ ਪ੍ਰਭਾਵਸ਼ਾਲੀ ਸਿਆਸੀ ਆਗੂ ਦਾ ਵੀ ਹੱਥ ਹੈ, ਜਿਸ ਕਾਰਨ ਜਾਂਚ ਦੀ ਰਫ਼ਤਾਰ ਮੱਠੀ ਪਈ ਹੋਈ ਹੈ। ਹਾਲਾਂਕਿ ਅਧਿਕਾਰਤ ਤੌਰ ’ਤੇ ਕਿਸੇ ਆਗੂ ਦਾ ਨਾਂ ਸਾਹਮਣੇ ਨਹੀਂ ਆਇਆ ਹੈ ਅਤੇ ਪੁਲਸ ਨੇ ਅਜਿਹੀ ਕਿਸੇ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਨਤਾ ਵਿਚ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਸਿਆਸੀ ਗਲਿਆਰਿਆਂ ਵਿਚ ਹਲਚਲ ਮਚਾ ਦਿੱਤੀ ਹੈ। ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਚਰਚਿਤ ਗੁਰਤੇਜ ਮਣੀ ’ਤੇ ਕਤਲ ਦੀ ਸਾਜ਼ਿਸ਼ ਰਚਣ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਉੱਥੇ ਹੀ, ਜੋਗਾ ਫੋਲੜੀਵਾਲ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪਰਿਵਾਰ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਸਿਆਸੀ ਸਰਪ੍ਰਸਤੀ ਨਾ ਹੁੰਦੀ ਤਾਂ ਹੁਣ ਤੱਕ ਸਖ਼ਤ ਕਾਰਵਾਈ ਹੋ ਚੁੱਕੀ ਹੁੰਦੀ।

ਕੈਂਡਲ ਮਾਰਚ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ। ਅਪਰਾਧੀ ਬੇਖੌਫ਼ ਘੁੰਮ ਰਹੇ ਹਨ ਅਤੇ ਆਮ ਨਾਗਰਿਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਅਤੇ ਨਿਰਪੱਖ ਕਾਰਵਾਈ ਨਾ ਕੀਤੀ ਤਾਂ ਅੰਦੋਲਨ ਨੂੰ ਸੂਬਾ ਪੱਧਰੀ ਰੂਪ ਦਿੱਤਾ ਜਾਵੇਗਾ।

ਦੂਜੇ ਪਾਸੇ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਅੱਗੇ ਵਧ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਰ ਵਧਦੇ ਜਨਤਕ ਰੋਸ ਅਤੇ ਸਰਕਾਰ ’ਤੇ ਲੱਗ ਰਹੇ ਦੋਸ਼ਾਂ ਨੇ ਇਸ ਕਤਲ ਕਾਂਡ ਨੂੰ ਮਹਿਜ਼ ਅਪਰਾਧਿਕ ਮਾਮਲਾ ਨਾ ਰਹਿਣ ਦੇ ਕੇ ਵੱਡਾ ਸਿਆਸੀ ਮੁੱਦਾ ਬਣਾ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕੀ ਸਰਕਾਰ ਪਾਰਦਰਸ਼ਿਤਾ ਦਿਖਾਉਂਦੇ ਹੋਏ ਸੱਚਾਈ ਸਾਹਮਣੇ ਲਿਆਵੇਗੀ ਜਾਂ ਫਿਰ ਵਿਰੋਧ ਦੀ ਸੁਰ ਹੋਰ ਤੇਜ਼ ਹੋਵੇਗੀ। ਫਿਲਹਾਲ ਪੀੜਤ ਪਰਿਵਾਰ ਦੀ ਪੁਕਾਰ ਸਾਫ਼ ਹੈ—ਸਾਨੂੰ ਸਰਕਾਰ ਤੋਂ ਇਨਸਾਫ਼ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
