ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੂੰ ਮਿਲੇਗਾ 10 ਲੱਖ ਦਾ ਇਨਾਮ, CM ਨਿਤੀਸ਼ ਕੁਮਾਰ ਨੇ ਕੀਤਾ ਐਲਾਨ

Wednesday, Nov 20, 2024 - 10:42 PM (IST)

ਪਟਨਾ (ਭਾਸ਼ਾ) : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਜਿੱਤਣ 'ਤੇ ਵਧਾਈ ਦਿੱਤੀ ਅਤੇ ਅਤੇ ਟੀਮ ਦੀ ਹਰੇਕ ਖਿਡਾਰਨ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। 

ਬਿਆਨ ਮੁਤਾਬਕ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸਾਰੀਆਂ ਖਿਡਾਰਨਾਂ ਅਤੇ ਮੁੱਖ ਕੋਚ ਨੂੰ 10-10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦਕਿ ਸਹਾਇਕ ਸਟਾਫ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਰਾਜਗੀਰ ਵਿਚ ਫਾਈਨਲ ਵਿਚ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, “ਮੁੱਖ ਮੰਤਰੀ ਨੇ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ, ਖਾਸ ਕਰਕੇ ਚੀਨ ਨਾਲ ਫਾਈਨਲ ਮੈਚ ਦੌਰਾਨ। 

ਇਹ ਵੀ ਪੜ੍ਹੋ : ਕੁੜੀਆਂ ਨੇ ਫਿਰ ਰੋਸ਼ਨ ਕੀਤਾ ਦੇਸ਼ ਦਾ ਨਾਂ, ਤੀਜੀ ਵਾਰ ਜਿੱਤੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ

ਬਿਹਾਰ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਇਕ ਇਤਿਹਾਸਕ ਜਿੱਤ ਹੈ ਜਿੱਥੇ ਪਹਿਲੀ ਵਾਰ ਅਜਿਹਾ ਟੂਰਨਾਮੈਂਟ ਕਰਵਾਇਆ ਗਿਆ। ਇਸ ਨੇ ਹਰ ਭਾਰਤੀ ਦਾ ਦਿਲ ਮਾਣ ਨਾਲ ਭਰ ਦਿੱਤਾ ਹੈ। ਟੀਮ ਦੀਆਂ ਸਾਰੀਆਂ ਖਿਡਾਰਨਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਬਹੁਤ ਹੀ ਅਨੁਸ਼ਾਸਿਤ ਤਰੀਕੇ ਨਾਲ ਖੇਡਿਆ।'' ਬਿਆਨ ਵਿਚ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ, ''ਇਹ ਜਿੱਤ ਸਾਰੇ ਭਾਰਤੀਆਂ ਲਈ ਮਾਣ ਅਤੇ ਗੌਰਵ ਵਾਲੀ ਗੱਲ ਹੈ। ਟੀਮ ਦੇ ਸਾਰੇ ਮੈਂਬਰਾਂ ਨੂੰ ਮੇਰੀ ਤਹਿਦਿਲੋਂ ਵਧਾਈ।'' ਬਾਅਦ ਵਿਚ ਮੁੱਖ ਮੰਤਰੀ ਨੇ ਟਵਿੱਟਰ ’ਤੇ ਇਕ ਪੋਸਟ ਵਿਚ ਲਿਖਿਆ, ''ਰਾਜ ਸਰਕਾਰ ਜੇਤੂ ਟੀਮ ਦੇ ਸਾਰੇ ਮੈਂਬਰਾਂ ਅਤੇ ਮੁੱਖ ਕੋਚ ਨੂੰ 10-10 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਟੀਮ ਦੇ ਸਹਿਯੋਗੀ ਸਟਾਫ ਦੇ ਹਰੇਕ ਮੈਂਬਰ ਨੂੰ 5-5 ਲੱਖ ਰੁਪਏ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ। ਭਾਰਤੀ ਮਹਿਲਾ ਟੀਮ ਨੂੰ ਭਵਿੱਖ ਲਈ ਮੇਰੀਆਂ ਸ਼ੁਭਕਾਮਨਾਵਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News