ਭਾਰਤ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ’ਚ

Sunday, Dec 15, 2024 - 11:00 AM (IST)

ਮਸਕਟ- ਸਾਬਕਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਜਾਪਾਨ ’ਤੇ 3-1 ਦੀ ਜਿੱਤ ਦੇ ਨਾਲ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮੁਮਤਾਜ਼ ਖਾਨ (ਚੌਥੇ), ਸਾਕਸ਼ੀ ਰਾਣਾ (5ਵੇਂ), ਦੀਪਿਕਾ (13ਵੇਂ) ਨੇ ਪਹਿਲੇ ਕੁਆਰਟਰ ਵਿਚ ਗੋਲ ਕੀਤੇ ਜਦਕਿ ਜਾਪਾਨ ਲਈ ਨਿਕੋ ਮਾਰੂਯਾਮਾ ਨੇ 23ਵੇਂ ਮਿੰਟ ਵਿਚ ਗੋਲ ਕੀਤਾ।

ਜਯੋਤੀ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਸ਼ੁਰੂਆਤੀ ਕੁਆਰਟਰ ਇਕਪਾਸੜ ਰਿਹਾ ਜਦੋਂ ਸੁਨਲਿਤਾ ਟੋਪੋ ਨੇ ਖੇਡ ਦੇ ਦੂਜੇ ਮਿੰਟ ਵਿਚ ਖਤਰਨਾਕ ਗੇਂਦ ਨੂੰ ਰੋਕਣ ਲਈ ਤੇਜ਼ੀ ਨਾਲ ਦੌੜ ਲਾ ਕੇ ਜਾਪਾਨ ਦੇ ਡ੍ਰੈਗ ਫਲਿੱਕ ਦੇ ਮੌਕੇ ਨੂੰ ਅਸਫਲ ਕਰ ਦਿੱਤਾ। ਭਾਰਤ ਨੇ ਦੋ ਮਿੰਟ ਬਾਅਦ ਗਲਤੀ ਦਾ ਫਾਇਦਾ ਚੁੱਕ ਕੇ ਬੜ੍ਹਤ ਬਣਾ ਲਈ।

ਇਕ ਮਿੰਟ ਬਾਅਦ ਸਾਕਸ਼ੀ ਰਾਣਾ ਨੇ ਇਕ ਹੋਰ ਮੈਦਾਨੀ ਗੋਲ ਕਰਕੇ ਸਾਬਕਾ ਜੇਤੂ ਨੂੰ 2-0 ਨਾਲ ਅੱਗੇ ਕਰ ਦਿੱਤਾ। ਪਹਿਲੇ ਕੁਆਰਟਰ ਵਿਚ ਦੋ ਮਿੰਟ ਰਹਿੰਦਿਆਂ ਭਾਰਤ ਨੂੰ ਇਕ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਦੀਪਿਕਾ ਨੇ ਗੋਲ ਵਿਚ ਬਦਲ ਕੇ ਸਕੋਰ 3-0 ਕਰ ਦਿੱਤਾ। ਦੂਜੇ ਕੁਆਰਟਰ ਵਿਚ ਜਾਪਾਨ ਨੇ ਕੁਝ ਮੌਕਿਆਂ ’ਤੇ ਵਿਰੋਧੀ ਸਰਕਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਦੇ ਮਜ਼ਬੂਤ ਡਿਫੈਂਸ ਨੇ ਉਨ੍ਹਾਂ ਨੂੰ ਅਸਫਲ ਕਰ ਦਿੱਤਾ। ਜਾਪਾਨ ਦੀਆਂ ਖਿਡਾਰਨਾਂ ਨੇ ਆਖਿਰਕਾਰ 23ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ, ਜਿਸ ਨਾਲ ਸਿਰਫ ਫਰਕ ਹੀ ਘੱਟ ਹੋਇਆ।

ਖਿਤਾਬੀ ਮੁਕਾਬਲੇ ਵਿਚ ਭਾਰਤ ਦਾ ਸਾਹਮਣਾ ਚੀਨ ਤੇ ਦੱਖਣੀ ਕੋਰੀਆ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।


Tarsem Singh

Content Editor

Related News