15 ਸਾਲ ਦਾ ਸੱਵਾ ਬਣਿਆ 11ਵਾਂ ਸਨਵੇ ਸਵਿਟਜ਼ ਇੰਟਰਨੈਸ਼ਨਲ ਸ਼ਤਰੰਜ ਜੇਤੂ
Wednesday, Dec 25, 2024 - 06:28 PM (IST)
ਸਿੱਟਜ਼- ਲੰਮੇ ਸਮੇਂ ਤੱਕ ਸ਼ਤਰੰਜ ਦੇ ਸਰਤਾਜ ਰਹੇ ਰੂਸ ਨੂੰ ਅਗਲੀ ਪੀੜ੍ਹੀ ਦਾ ਨਵਾਂ ਸਿਤਾਰਾ ਮਿਲਦਾ ਨਜ਼ਰ ਆ ਰਿਹਾ ਹੈ। 15 ਸਾਲਾ ਗ੍ਰੈਂਡ ਮਾਸਟਰ ਸੱਵਾ ਵੇਟੋਖਿਨ ਨੇ 11ਵੇਂ ਸਨਵੇ ਸਿੱਟਜ਼ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਟਾਈਬ੍ਰੇਕ ਮੁਕਾਬਲੇ ’ਚ ਇਜ਼ਰਾਈਲ ਦੇ ਇਦੋਂਗੋ ਰਸ਼ਟੇਨ ਨੂੰ ਹਰਾ ਕੇ ਇਹ ਵੱਕਾਰੀ ਖਿਤਾਬ ਹਾਸਲ ਕੀਤਾ। ਸੱਵਾ ਇਸ ਖਿਤਾਬੀ ਜਿੱਤ ਨਾਲ ਹੁਣ ਲਾਈਵ ਰੇਟਿੰਗ ’ਚ 2550 ਦੇ ਨੇੜੇ ਪਹੁੰਚ ਗਿਆ ਹੈ।
10 ਰਾਊਂਡ ਦੇ ਇਸ ਟੂਰਨਾਮੈਂਟ ’ਚ 10 ਕਲਾਸੀਕਲ ਰਾਊਂਡ ਤੋਂ ਬਾਅਦ ਫੀਡੇ ਦੇ ਝੰਡੇ ਹੇਠ ਖੇਡ ਰਹੇ ਸੱਵਾ ਅਤੇ ਇਜ਼ਰਾਈਲ ਦੇ ਇਦੋਂ ਵਿਚਾਲੇ 8 ਅੰਕਾਂ ’ਤੇ ਪਹਿਲੇ ਅਤੇ ਦੂਸਰੇ ਸਥਾਨ ਲਈ ਟਾਈ ਸੀ, ਜਦਕਿ ਤੀਸਰੇ ਸਥਾਨ ਲਈ 7.5 ਅੰਕਾਂ ’ਤੇ 6 ਖਿਡਾਰੀਆਂ ਵਿਚਾਲੇ, ਜਿਸ ’ਚ ਭਾਰਤ ਦਾ ਇਲਾਮਪਾਰਥੀ ਵੀ ਸ਼ਾਮਲ ਸੀ, ਵਿਚਾਲੇ ਟਾਈਬ੍ਰੇਕ ਮੁਕਾਬਲਾ ਖੇਡਿਆ ਗਿਆ। ਪ੍ਰਤੀਯੋਗਿਤਾ ਦੇ ਨਿਯਮਾਂ ਅਨੁਸਾਰ ਇਨ੍ਹਾਂ ਖਿਡਾਰੀਆਂ ਵਿਚਾਲੇ ਟਾਈਬ੍ਰੇਕ ਨੂੰ ਤੋੜਨ ਲਈ ਬਲਿੱਟਜ਼ ਮੁਕਾਬਲੇ ਖੇਡੇ ਗਏ।
ਪਹਿਲੇ ਸਥਾਨ ਲਈ ਹੋਏ ਟਾਈਬ੍ਰੇਕ ’ਚ ਸੱਵਾ ਨੇ 1.5-0.5 ਦੇ ਅੰਤਰ ਨਾਲ ਜਿੱਤ ਦਰਜ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਪਹਿਲਾ ਮੁਕਾਬਲਾ ਜਿੱਤਿਆ, ਜਦਕਿ ਦੂਸਰਾ ਮੁਕਾਬਲਾ ਡ੍ਰਾ ਖੇਡਦੇ ਹੋਏ ਖਿਡਾਬੀ ਜਿੱਤ ਪੱਕੀ ਕੀਤੀ। ਸੱਵਾ ਦੇ ਖੇਡ ਜੀਵਨ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਖਿਤਾਬ ਹੈ। ਚੇਸਬੇਸ ਇੰਡੀਆ ਨਾਲ ਗੱਲਬਾਤ ਕਰਦਿਆਂ ਸੱਵਾ ਨੇ ਕਿਹਾ ਕਿ 8ਵੇਂ ਰਾਊਂਡ ’ਚ ਉਸ ਦੀ ਟਾਪ ਸੀਡ ਆਲੇਕਸੀਂਕੋ ਕਿਰਿਲ ’ਤੇ ਜਿੱਤ ਉਸ ਲਈ ਬੇਹੱਦ ਖਾਸ ਰਹੀ। ਉਹ ਭਵਿੱਖ ’ਚ ਗੁਕੇਸ਼ ਦੀ ਤਰ੍ਹਾਂ ਵਿਸ਼ਵ ਚੈਂਪੀਅਨ ਬਣਨਾ ਚਾਹੁੰਦਾ ਹੈ।
ਟਾਈਬ੍ਰੇਕ ਦੇ ਮੁਕਾਬਲੇ ’ਚ ਚੀਨ ਦੇ ਲੀ ਡੀ ਨੇ ਸਿੰਗਾਪੁਰ ਦੇ ਟਿਨ ਜਿੰਗਾਓਂ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਸੱਵਾ ਨੂੰ 5000 ਯੂਰੋ, ਇਦੋਂ ਨੂੰ 3000 ਯੂਰੋ ਅਤੇ ਲੀ ਡੀ ਨੂੰ 1500 ਯੂਰੋ ਦਾ ਪੁਰਸਕਾਰ ਮਿਲਿਆ। ਨਾਲ ਹੀ ਸੱਵਾ ਦਾ ਨਾਂ ਟੂਰਨਾਮੈਂਟ ਦੀ ਵੱਕਾਰੀ ਟਰਾਫੀ ’ਚ ਵੀ ਜੇਤੂ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਅਤੇ ਇਹ ਕੰਮ ਖੁਦ ਉਸ ਦੇ ਕੋਲੋਂ ਹੀ ਕਰਾਇਆ ਗਿਆ।
ਟਾਪ 10 ਖਿਡਾਰੀਆਂ ’ਚ ਮਹਿੰਦੀ ਘੋਲਾਮੀ ਇਰਾਨ, ਜੁਲੇਸ ਮੋਸਸਾਡਰ ਅਤੇ ਮਾਰਕ ਅੰਦਰੀਆ ਫਰਾਂਸ, ਭਾਰਤ ਦੇ ਇਲਾਮਪਾਰਥੀ, ਜਾਰਜੀਆ ਦੇ ਲੂਕਾ ਕਿਲਦਜ਼ੇ ਅਤੇ ਆਸਟ੍ਰੀਆ ਦੇ ਕਿਰਿਲ ਓਲੇਕਸੀਂਕੋ ਸ਼ਾਮਲ ਰਹੇ। ਇਰਾਨ ਦੀ ਮੋਬਿਨ ਅਲਿਨਾਸੇਬ ਨੇ ਸਰਵਸ਼੍ਰੇਸ਼ਠ ਮਹਿਲਾ ਖਿਡਾਰੀ ਦਾ ਖਿਤਾਬ ਆਪਣੇ ਨਾਂ ਕੀਤਾ।