ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ
Sunday, Dec 15, 2024 - 01:27 PM (IST)
ਮੋਨਾਕੋ– ਸਟਾਰ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਉਨ੍ਹਾਂ 23 ਖਿਡਾਰੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀਆਂ ਪ੍ਰਤੀਯੋਗਿਤਾ ਕਲਾਕ੍ਰਿਤੀਆਂ ਨੂੰ ਵਿਸ਼ਵ ਐਥਲੈਟਿਕਸ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ ਜਿਹੜੀਆਂ ਮੌਜੂਦਾ ਸਮੇਂ ਵਿਚ ਵਿਸ਼ਵ ਐਥਲੈਟਿਕਸ ਮਿਊਜ਼ੀਅਮ (ਐੱਮ. ਓ. ਡਬਲਯੂ. ਏ.) ਦੇ ਆਨਲਾਈਨ ਥ੍ਰੀ ਡੀ ਪਲੇਟਫਾਰਮ ’ਤੇ ਪ੍ਰਦਰਿਸ਼ਤ ਹਨ।
ਟੋਕੀਓ ਓਲੰਪਿਕ 2021 ਵਿਚ ਐਥਲੈਟਿਕਸ ਵਿਚ ਭਾਰਤ ਦੇ ਪਹਿਲੇ ਓਲੰਪਿਕ ਸੋਨ ਤਮਗਾ ਜੇਤੂ ਬਣੇ ਚੋਪੜਾ ਨੇ ਇਸ ਸਾਲ ਪੈਰਿਸ ਖੇਡਾਂ ਵਿਚ ਪਹਿਨੀ ਗਈ ਪ੍ਰਤੀਯੋਗਿਤਾ ਦੀ ਟੀ-ਸ਼ਰਟ ਦਾਨ ਕਰ ਦਿੱਤੀ ਹੈ। ਚੋਪੜਾ ਨੇ ਪੈਰਿਸ ਓਲੰਪਿਕ ਵਿਚ 89.45 ਮੀਟਰ ਦੀ ਥ੍ਰੋਅ ਦੇ ਨਾਲ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਦੇ ਪਿੱਛੇ ਦੂਜਾ ਸਥਾਨ ਹਾਸਲ ਕੀਤਾ ਸੀ। ਚੋਪੜਾ ਤੋਂ ਇਲਾਵਾ ਯੂਕ੍ਰੇਨ ਦੀ ਯਾਰੋਸਲਾਵਾ ਮਹੂਚਿਖ (ਵਿਸ਼ਵ ਐਥਲੈਟਿਕਸ ਦੀ ਮਹਿਲਾ ‘ਫੀਲਡ ਈਵੈਂਟ ਐਥਲੀਟ ਆਫ ਦਿ ਯੀਅਰ’) ਤੇ ਉਸਦੀ ਸਾਥਣ ਪੈਰਿਸ ਓਲੰਪਿਕ ਤਮਗਾ ਜੇਤੂ ਥਿਯਾ ਲਾਫਾਂਡ ਉਨ੍ਹਾਂ ਐਥਲੀਟਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀਆਂ ਪ੍ਰਤੀਯੋਗਿਤਾ ਕਲਾਕ੍ਰਿਤੀਆਂ ਨੂੰ ਵਿਰਾਸਤ ਮਿਊਜ਼ੀਅਮ ਵਿਚ ਸ਼ਾਮਲ ਕੀਤਾ ਗਿਆ ਹੈ।