ਭਾਰਤ ਦੀ ਸੁਲਤਾਨ ਜੌਹਰ ਕੱਪ ''ਚ ਜੇਤੂ ਮੁਹਿੰਮ ਜਾਰੀ, ਨਿਊਜ਼ੀਲੈਂਡ ਨੂੰ 7-1 ਨਾਲ ਹਰਾਇਆ
Sunday, Oct 07, 2018 - 08:27 PM (IST)

ਜੌਹਰ ਬਾਹਰੂ : ਭਾਰਤੀ ਜੂਨੀਅਰ ਹਾਕੀ ਟੀਮ ਨੇ 8ਵੇਂ ਸੁਲਤਾਨ ਜੌਹਰ ਕੱਪ ਹਾਕੀ ਟੂਰਨਾਮੈਂਟ ਵਿਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਐਤਵਾਰ ਨੂੰ ਨਿਊਜ਼ੀਲੈਂਡ ਨੂੰ 7-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ।
ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਕੱਲ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾਇਆ ਸੀ। ਭਾਰਤ ਹੁਣ 6 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ ਹੈ। ਹਾਲਾਂਕਿ ਜਾਪਾਨ ਦੇ ਵੀ ਦੋ ਜਿੱਤਾਂ ਨਾਲ ਛੇ ਅੰਕ ਹਨ ਪਰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਭਾਰਤ ਪਹਿਲੇ ਤੇ ਜਾਪਾਨ ਦੂਜੇ ਸਥਾਨ 'ਤੇ ਹੈ। ਭਾਰਤ ਤੇ ਜਾਪਾਨ ਵਿਚਾਲੇ ਮੰਗਲਵਾਰ ਨੂੰ ਮੁਕਾਬਲਾ ਹੋਵੇਗਾ।
ਮੈਚ ਵਿਚ ਭਾਰਤ ਨੇ ਪੂਰੀ ਤਰ੍ਹਾਂ ਆਪਣਾ ਦਬਦਬਾ ਬਣਾਈ ਰੱਖਿਆ ਤੇ ਅੱਧੇ ਸਮੇਂ ਤਕ ਹੀ 4-0 ਦੀ ਬੜ੍ਹਤ ਬਣਾ ਲਈ। ਭਾਰਤ ਦੀ ਸ਼ਾਨਦਾਰ ਜਿੱਤ ਵਿਚ ਸ਼ਿਲਾਨੰਦ ਲਾਕੜਾ ਨੇ ਦੋ ਗੋਲ ਕੀਤੇ। ਭਾਰਤ ਨੇ ਛੇਵੇਂ ਮਿੰਟ ਵਿਚ ਹੀ ਪ੍ਰਭਜੋਤ ਸਿੰਘ ਦੇ ਮੈਦਾਨੀ ਗੋਲ ਨਾਲ ਬੜ੍ਹਤ ਬਣਾ ਲਈ। ਸ਼ਿਲਾਨੰਦ ਨੇ 15ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ ਸਕੋਰ 2-0 ਤੇ ਹਰਮਨਜੀਤ ਸਿੰਘ ਨੇ 21ਵੇਂ ਮਿੰਟ ਵਿਚ ਮੈਦਾਨੀ ਗੋਲ ਨਾਲ ਸਕੋਰ 3-0 ਕਰ ਦਿੱਤਾ। ਫਰਾਜ਼ ਮੁਹੰਮਦ ਨੇ 23ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਭਾਰਤ ਦਾ ਚੌਥਾ ਗੋਲ ਕੀਤਾ। ਸ਼ਿਲਾਨੰਦ ਨੇ 43ਵੇਂ ਮਿੰਟ ਵਿਚ ਸਕੋਰ 5-0, ਅਭਿਸ਼ੇਕ ਨੇ 50ਵੇਂ ਮਿੰਟ ਵਿਚ 6-0 ਤੇ ਕਪਤਾਨ ਮਨਦੀਪ ਨੇ 60ਵੇਂ ਮਿੰਟ ਵਿਚ ਸਕੋਰ 7-1 ਕਰ ਦਿੱਤਾ। ਨਿਊਜ਼ੀਲੈਂਡ ਦਾ ਇਕਲੌਤਾ ਗੋਲ ਸੈਮ ਹਿਹਾ ਨੇ 53ਵੇਂ ਮਿੰਟ ਵਿਚ ਕੀਤਾ। ਨਿਊਜ਼ੀਲੈਂਡ ਨੂੰ ਇਸ ਤਰ੍ਹਾਂ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।