ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪੱਤਰਕਾਰ ਰਮਨਦੀਪ ਸੋਢੀ ਨਾਲ ਕੀਤੀ Exclusive ਇੰਟਰਵਿਊ (ਵੀਡੀਓ)

Sunday, Dec 07, 2025 - 12:18 PM (IST)

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪੱਤਰਕਾਰ ਰਮਨਦੀਪ ਸੋਢੀ ਨਾਲ ਕੀਤੀ Exclusive ਇੰਟਰਵਿਊ (ਵੀਡੀਓ)

ਜਲੰਧਰ (ਵੈੱਬ ਡੈਸਕ)- 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਬੱਡੀ ਖੇਡ ਬਹੁਤ ਪਸੰਦ ਹੈ ਤੇ ਬੀਤੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਇਸ ਖੇਡ ਦੇ ਪ੍ਰਤੀ ਦਿਲਸਚਪੀ ਕਾਫ਼ੀ ਵਧੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਤੇ ਉਨ੍ਹਾਂ ਦੇ ਦੇਸ਼ ਦੀ ਮਸ਼ਹੂਰ ਖੇਡ ਰਗਬੀ 'ਚ ਇਕ ਗੱਲ ਸਾਂਝੀ ਹੈ ਕਿ ਦੋਵਾਂ ਖੇਡਾਂ 'ਚ ਖਿਡਾਰੀ ਦਾ ਤਕੜਾ ਹੋਣਾ ਕਾਫ਼ੀ ਲਾਜ਼ਮੀ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਨਿਊਜ਼ੀਲੈਂਡ ਅਗਲੇ ਸਾਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡ ਸਬੰਧਾਂ ਦੀ 100 ਸਾਲਾ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਤੇ ਇਸ ਦੌਰਾਨ ਕਰਵਾਇਆ ਜਾ ਰਿਹਾ ਇਹ ਕਬੱਡੀ ਵਿਸ਼ਵ ਕੱਪ ਹੋਰ ਜ਼ਿਆਦਾ ਅਹਿਮ ਬਣ ਜਾਂਦਾ ਹੈ। 

ਜਦੋਂ ਪ੍ਰਧਾਨ ਮੰਤਰੀ ਲਕਸਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪਸੰਦ ਹੈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਮਠਿਆਈਆਂ ਬਹੁਤ ਪਸੰਦ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਲੋਕਾਂ ਤੇ ਉੱਥੋਂ ਦੇ ਸੱਭਿਆਚਾਰ ਨੂੰ ਕਾਫ਼ੀ ਪਸੰਦ ਕਰਦੇ ਹਨ ਤੇ ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਨਿਊਜ਼ੀਲੈਂਡ ਆ ਕੇ ਵਸਣ ਦਾ ਫ਼ੈਸਲਾ ਕੀਤਾ। 

ਇਸ ਮਗਰੋਂ ਉਨ੍ਹਾਂ ਦੱਸਿਆ ਕਿ ਭਾਰਤ ਤੇ ਨਿਊਜ਼ੀਲੈਂਡ ਕਾਫ਼ੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਪਸੰਦ ਕਰਦੇ ਹਨ ਤੇ ਕਾਫ਼ੀ ਚੰਗੇ ਦੋਸਤ ਹਨ। ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਤੇ ਡਿਫੈਂਸ ਵਰਗੇ ਮੁੱਦਿਆਂ 'ਤੇ ਗੱਲਬਾਤ ਜਾਰੀ ਹੈ ਤੇ ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤਾ (ਫ੍ਰੀ ਟ੍ਰੇਡ ਐਗਰੀਮੈਂਟ) ਬਾਰੇ ਵੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧਾਇਆ ਜਾ ਸਕੇ। 

ਇਸ ਤੋਂ ਬਾਅਦ ਉਨ੍ਹਾਂ ਨੰ ਪੰਜਾਬੀ ਭਾਈਚਾਰੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਭਾਈਚਾਰੇ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਕਾਫ਼ੀ ਵੱਡਾ ਹੈ ਤੇ ਇੱਥੋਂ ਦੇ ਲੋਕ ਕਾਫ਼ੀ ਮਿਨਹਤੀ ਹਨ। ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਪਰਿਵਾਰ ਸਣੇ ਇੱਥੇ ਆ ਕੇ ਵਸਣ ਦਾ ਜੋ ਫੈਸਲਾ ਕੀਤਾ ਹੈ ਤੇ ਨਿਊਜ਼ੀਲੈਂਡ ਆ ਇੱਥੋਂ ਦੇ ਵਿਕਾਸ 'ਚ ਜੋ ਯੋਗਦਾਨ ਪਾਇਆ ਹੈ, ਇਸ ਕਾਰਨ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ। ਇਸ ਦੌਰਾਨ ਪ੍ਰਧਾਨ ਮੰਤਰੀ ਲਕਸਨ ਨੇ ਸੁਪਰੀਮ ਸਿੱਖ ਸੋਸਾਇਟੀ ਸਣੇ ਦਲਜੀਤ ਸਿੰਘ ਵਿਰਕ ਵੱਲੋਂ ਕੀਤੇ ਜਾ ਰਹੇ ਉੱਦਮਾਂ ਦੀ ਵੀ ਸ਼ਲਾਘਾ ਕੀਤੀ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਲੋਕ ਜਿਸ ਤਰ੍ਹਾਂ ਇੱਥੇ ਆ ਕੇ ਆਪਣੇ ਸੱਭਿਆਚਾਰ, ਜਿਵੇਂ ਕਿ ਕਬੱਡੀ ਨੂੰ ਪ੍ਰਮੋਟ ਕਰ ਰਹੇ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਪ੍ਰਧਾਨ ਮੰਤਰੀ ਲਕਸਨ ਨੇ ਕਿਹਾ ਕਿ ਜੋ ਵੀ ਚੀਜ਼ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਿਚਾਲੇ ਆਪਸੀ ਪਿਆਰ ਵਧਾਉਂਦੀ ਹੈ ਤਾਂ ਉਹ ਉਸ ਦਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਬਹੁ-ਸੱਭਿਆਚਾਰਕ ਸੁਸਾਇਟੀ ਨੂੰ ਕਾਫੀ ਪਸੰਦ ਕਰਦੇ ਹਨ। ਇੱਥੋਂ ਦੇ ਪੰਜਾਬੀ ਨਿਊਜ਼ੀਲੈਂਡ ਦੇ ਸੱਭਿਆਚਾਰ ਨੂੰ ਸਮਝਦੇ ਹਨ ਤੇ ਨਿਊਜ਼ੀਲੈਂਡ ਦੇ ਲੋਕ ਪੰਜਾਬੀਆਂ ਨੂੰ ਸਮਝਦੇ ਹਨ, ਜਿਸ ਕਾਰਨ ਇੱਥੇ ਸਭ ਪਿਆਰ ਤੇ ਸ਼ਾਂਤੀ ਨਾਲ ਰਹਿ ਰਹੇ ਹਨ। 


author

Harpreet SIngh

Content Editor

Related News