ਟ੍ਰੇਨਾਂ ਦੀ ਦੇਰੀ ਬਾਦਸਤੂਰ ਜਾਰੀ: ਵੈਸ਼ਨੋ ਦੇਵੀ ਐਕਸਪ੍ਰੈੱਸ 3, ਅਮਰਨਾਥ 4, ਅੰਮ੍ਰਿਤਸਰ ਸੁਪਰਫਾਸਟ 7 ਘੰਟੇ ਲੇਟ
Wednesday, Dec 17, 2025 - 04:00 AM (IST)
ਜਲੰਧਰ (ਪੁਨੀਤ) : ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਸਿਲਸਿਲੇ ਵਿਚ ਜੰਮੂ ਰੂਟ ਦੀਆਂ ਟ੍ਰੇਨਾਂ 3-4 ਘੰਟੇ ਤਕ ਲੇਟ ਰਹੀਆਂ, ਜਦਕਿ ਅੰਮ੍ਰਿਤਸਰ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ ਨੇ ਵੱਧ ਤੋਂ ਵੱਧ 7 ਘੰਟੇ ਤਕ ਦੀ ਉਡੀਕ ਕਰਵਾਈ। ਜਲੰਧਰ ਸਿਟੀ ਸਮੇਤ ਕੈਂਟ ਜਾਣ ਵਾਲੀਆਂ ਵੱਖ-ਵੱਖ ਟ੍ਰੇਨਾਂ ਦੇਰੀ ਦਾ ਸ਼ਿਕਾਰ ਹੋਈਆਂ, ਜੋ ਕਿ ਯਾਤਰੀਆਂ ਲਈ ਦਿੱਕਤਾਂ ਭਰਿਆ ਰਿਹਾ ਅਤੇ ਮੰਜ਼ਿਲ ਤਕ ਪਹੁੰਚਣ ਵਿਚ ਯਾਤਰੀਆਂ ਨੂੰ ਦੇਰੀ ਝੱਲਣੀ ਪਈ। ਸ਼ਤਾਬਦੀ ਵਰਗੀਆਂ ਟ੍ਰੇਨਾਂ ਤੋਂ ਲੈ ਕੇ ਸੁਪਰਫਾਸਟ ਟ੍ਰੇਨਾਂ ਵੀ ਲੇਟ ਰਹੀਆਂ।

ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ 12029 ਆਪਣੇ ਤੈਅ ਸਮੇਂ 12.06 ਤੋਂ ਅੱਧੇ ਘੰਟੇ ਦੀ ਦੇਰੀ ਨਾਲ ਸਾਢੇ 12 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਟਾਟਾ ਨਗਰ ਤੋਂ ਜੰਮੂ ਜਾਣ ਵਾਲੀ 18101 ਆਪਣੇ ਤੈਅ ਸਮੇਂ ਤੋਂ 5 ਘੰਟੇ ਲੇਟ ਰਹਿੰਦੇ ਹੋਏ ਸਾਢੇ 11 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ ਸਵਾ 1 ਵਜੇ ਤੋਂ ਬਾਅਦ ਸਿਟੀ ਪਹੁੰਚੀ। ਅੰਮ੍ਰਿਤਸਰ ਸੁਪਰ 22445 ਲੱਗਭਗ 4 ਘੰਟੇ ਲੇਟ ਰਹੀ ਅਤੇ 12 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਸੁਪਰਫਾਸਟ 7 ਘੰਟੇ ਲੇਟ ਰਹਿੰਦੇ ਹੋਏ ਸਵਾ 12 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ।
ਇਹ ਵੀ ਪੜ੍ਹੋ : ਚੌਂਕੀ ਗਿਆਸਪੁਰਾ ਦੇ ਇਲਾਕੇ ’ਚ ਰੰਗਦਾਰੀ ਗਿਰੋਹ ਦੀ ਦਹਿਸ਼ਤ, ਪੁਲਸ ਲਾਚਾਰ
ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 15655 ਸ਼੍ਰੀ ਵੈਸ਼ਨੋ ਦੇਵੀ ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ ਸਵਾ 12 ਵਜੇ ਕੈਂਟ ਪਹੁੰਚੀ। ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ 2 ਘੰਟੇ ਦੀ ਦੇਰੀ ਨਾਲ ਪੌਣੇ 1 ਵਜੇ ਕੈਂਟ ਪਹੁੰਚੀ। ਜੰਮੂ ਜਾਣ ਵਾਲੀ ਅਮਰਨਾਥ ਐਕਸਪ੍ਰੈੱਸ 12587 ਸਾਢੇ 4 ਘੰਟੇ ਦੀ ਦੇਰੀ ਨਾਲ 1 ਵਜੇ ਕੈਂਟ ਪਹੁੰਚੀ। ਸ਼ਹੀਦ ਐਕਸਪ੍ਰੈੱਸ 14673 ਆਪਣੇ ਤੈਅ ਸਮੇਂ ਤੋਂ 3 ਘੰਟੇ ਲੇਟ ਰਹਿੰਦੇ ਹੋਏ ਸਵਾ 6 ਵਜੇ ਸਿਟੀ ਪਹੁੰਚੀ।
