IPL 2019 : ਮੁੰਬਈ ਨੇ ਹੈਦਰਾਬਾਦ ਨੂੰ 40 ਦੌੜਾਂ ਨਾਲ ਹਰਾਇਆ
Sunday, Apr 07, 2019 - 01:38 AM (IST)

ਹੈਦਰਾਬਾਦ— ਮੁੰਬਈ ਇੰਡੀਅਨਜ਼ ਨੇ ਵੈਸਟਇੰਡੀਜ਼ ਦੇ ਦੋ ਖਿਡਾਰੀਆਂ ਕੀਰੋਨ ਪੋਲਾਰਡ (ਅਜੇਤੂ 46) ਦੀ ਜ਼ਬਰਦਸਤ ਪਾਰੀ ਤੇ ਪਹਿਲੀ ਵਾਰ ਆਈ. ਪੀ. ਐੱਲ. ਵਿਚ ਖੇਡ ਰਹੇ ਵਿੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜਾਰੀ ਜੋਸਫ (12 ਦੌੜਾਂ 'ਤੇ 6 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈ. ਪੀ. ਐੱਲ.-12 ਵਿਚ ਸ਼ਨੀਵਾਰ ਨੂੰ 40 ਦੌੜਾਂ ਨਾਲ ਹਰਾ ਦਿੱਤਾ।
ਮੁੰਬਈ ਨੇ 7 ਵਿਕਟਾਂ 'ਤੇ 136 ਦੌੜਾਂ ਦਾ ਲੜਨਯੋਗ ਸਕੋਰ ਬਣਾਉਣ ਤੋਂ ਬਾਅਦ ਜੋਸਫ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇਸਦਾ ਬਚਾਅ ਕਰ ਲਿਆ। ਹੈਦਰਾਬਾਦ ਦੀ ਟੀਮ 17.4 ਓਵਰਾਂ ਵਿਚ 96 ਦੌੜਾਂ 'ਤੇ ਢੇਰ ਹੋ ਗਈ, ਜਿਹੜਾ ਉਸਦਾ ਘੱਟੋ-ਘੱਟ ਸਕੋਰ ਵੀ ਹੈ।
ਆਈ. ਪੀ. ਐੱਲ. ਇਤਿਹਾਸ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨ ਵਾਲੇ ਜੋਸਫ ਨੂੰ 'ਮੈਨ ਆਫ ਦਿ ਮੈਚ' ਐਵਾਰਡ ਮਿਲਿਆ। ਹੈਦਰਾਬਾਦ ਦੀ ਪੰਜ ਮੈਚਾਂ ਵਿਚ ਇਹ ਦੂਜੀ ਹਾਰ ਹੈ, ਜਦਕਿ ਮੁੰਬਈ ਦੀ ਪੰਜ ਮੈਚਾਂ ਵਿਚ ਤੀਜੀ ਜਿੱਤ ਹੈ।
ਕੀਰੋਨ ਪੋਲਾਰਡ ਦੀ ਅਜੇਤੂ 46 ਦੌੜਾਂ ਦੀ ਤੇਜ਼-ਤਰਾਰ ਪਾਰੀ ਨੇ ਮੁੰਬਈ ਕਿਸੇ ਤਰ੍ਹਾਂ 136 ਦੇ ਸਕੋਰ ਤਕ ਪਹੁੰਚਾਇਆ, ਜਿਹੜਾ ਅੰਤ ਵਿਚ ਮੈਚ ਜੇਤੂ ਸਾਬਤ ਹੋ ਗਿਆ। ਪੋਲਾਰਡ ਨੇ 26 ਗੇਂਦਾਂ ਦੀ ਪਾਰੀ ਵਿਚ 2 ਚੌਕੇ ਤੇ 4 ਛੱਕੇ ਲਾਏ। ਮੁੰਬਈ ਨੇ ਇਕ ਸਮੇਂ ਆਪਣੀਆਂ 7 ਵਿਕਟਾਂ 18 ਓਵਰਾਂ ਵਿਚ ਸਿਰਫ 97 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਪੋਲਾਰਡ ਦੇ ਹਮਲਆਿਂ ਨੇ ਹੀ ਮੰਬਈ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ।
ਪੋਲਾਰਡ ਨੇ ਇਸ ਦੌਰਾਨ ਟੀ-20 ਵਿਚ ਆਪਣੇ ਚੌਕਿਆਂ ਤੇ ਛੱਕਿਆਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ। ਉਸਦੇ ਨਾਂ ਹੁਣ ਟੀ-20 ਵਿਚ 590 ਚੌਕੇ ਅਤੇ 591 ਛੱਕੇ ਹੋ ਗਏ ਹਨ। ਮੁੰਬਈ ਨੇ ਆਖਰੀ ਦੋ ਓਵਰਾਂ ਵਿਚ 39 ਦੌੜਾਂ ਬਟੋਰੀਆਂ।
ਜੋਸਫ ਨੇ 3.4 ਓਵਰਾਂ ਵਿਚ 12 ਦੌੜਾਂ ਦੇ ਕੇ 6 ਵਿਕਟਾਂ ਲੈ ਕੇ 11 ਸਾਲ ਪੁਰਾਣਾ ਪਾਕਿਸਤਾਨ ਤੇ ਰਾਜਸਥਾਨ ਰਾਇਲਜ਼ ਦੇ ਸੋਹੇਲ ਤਨਵੀਰ ਦਾ ਰਿਕਾਰਡ ਤੋੜਿਆ, ਜਿਸ ਨੇ 14 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਮੁੰਬਈ ਨੇ ਅੱਜ ਯੁਵਰਾਜ ਸਿੰਘ ਦੀ ਜਗ੍ਹਾ ਈਸ਼ਾਨ ਕਿਸ਼ਨ ਤੇ ਲਸਿਥ ਮਲਿੰਗਾ ਦੀ ਜਗ੍ਹਾ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜਾਰੀ ਜੋਸਫ ਨੂੰ ਉਤਾਰਿਆ ਸੀ ਤੇ ਇਹ ਫੈਸਲਾ ਸਹੀ ਸਾਬਤ ਹੋਇਆ।