''ਅੱਜ ਜੰਗ ਦੀ ਸ਼ੁਰੂਆਤ ਹੋ ਗਈ, ਅਗਲੇ 40 ਦਿਨਾਂ ''ਚ...'', ਮਾਝੇ ਦੀ ਧਰਤੀ ਤੋਂ ਗਰਜੇ ਸੁਖਬੀਰ ਬਾਦਲ
Tuesday, Feb 17, 2026 - 05:42 PM (IST)
ਗੁਰਦਾਸਪੁਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮਾਝੇ ਦੀ ਧਰਤੀ ਤੋਂ 'ਪੰਜਾਬ ਬਚਾਓ ਰੈਲੀ' ਦਾ ਆਗਾਜ਼ ਕੀਤਾ ਗਿਆ ਹੈ। ਅੱਜ ਪਾਰਟੀ ਵੱਲੋਂ ਇਸ ਤਹਿਤ ਗੁਰਦਾਸਪੁਰ ਦੇ ਕਾਦੀਆਂ ਵਿਧਾਨ ਸਭਾ ਹਲਕੇ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ। ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀਆਂ ਦੇ ਪਹਿਲੇ ਪੜਾਅ ਤਹਿਤ 31 ਮਾਰਚ ਤਕ ਵੱਖ-ਵੱਖ ਹਲਕਿਆਂ ਵਿਚ ਰੈਲੀਆਂ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਚੁੱਕਿਆ ਹੈ।
ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਜੰਗ ਦੀ ਸ਼ੁਰੂਆਤ ਹੋ ਗਈ ਹੈ, ਦਿੱਲੀ ਵਾਲੀਆਂ ਪਾਰਟੀਆਂ ਪੰਜਾਬ 'ਚੋਂ ਭਜਾਉਣੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ 40 ਦਿਨਾਂ ਵਿਚ ਅਜਿਹਾ ਤੂਫ਼ਾਨ ਆਵੇਗਾ ਕਿ ਦਿੱਲੀ ਵਾਲੇ ਠੱਗ ਲੱਭਣਗੇ ਵੀ ਨਹੀਂ। ਸੁਖਬੀਰ ਨੇ ਕਿਹਾ ਕਿ 'ਝਾੜੂ ਵਾਲਿਆਂ' ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਪੰਜਾਬੀਆਂ ਦਾ ਰਾਜ ਨਹੀਂ ਹੈ, ਸਗੋਂ ਕੇਜਰੀਵਾਲ ਰਾਜ ਕਰ ਰਿਹਾ ਹੈ। ਸਾਰੇ ਫ਼ੈਸਲੇ ਕੇਜਰੀਵਾਲ ਕਰ ਰਿਹਾ ਹੈ, ਉਹ ਇੱਥੋਂ ਪੈਸੇ ਇਕੱਠੇ ਕਰਨ ਵਿਚ ਲੱਗਿਆ ਹੋਇਆ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 7 ਰਾਜ ਸਭਾ ਮੈਂਬਰਾਂ ਦੀਆਂ ਸੀਟਾਂ ਜਾਂ ਤਾਂ ਦਿੱਲੀ-ਯੂ.ਪੀ. ਵਾਲਿਆਂ ਨੂੰ ਦੇ ਦਿੱਤੀਆਂ ਜਾਂ ਕਰੋੜਾਂ ਰੁਪਏ ਵਿਚ ਵੇਚ ਦਿੱਤੀਆਂ। ਜਦੋਂ ਵੀ ਪੰਜਾਬ ਨਾਲ ਧੱਕੇਸ਼ਾਹੀ ਹੁੰਦੀ ਹੈ, ਇਨ੍ਹਾਂ ਵਿਚੋਂ ਕੋਈ ਵੀ ਪੰਜਾਬ ਦੇ ਹੱਕ ਵਿਚ ਨਹੀਂ ਬੋਲਦਾ। ਸੁਖਬੀਰ ਨੇ ਕਿਹਾ ਕਿ ਇਹ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਸਮਝਦੇ, ਕੇਜਰੀਵਾਲ ਵੱਲੋਂ ਲਿਆਂਦਾ ਗਿਆ ਵੈਭਵ ਕੁਮਾਰ ਨਾਂ ਦਾ ਬੰਦਾ ਮੁੱਖ ਮੰਤਰੀ ਦਫ਼ਤਰ ਉਹ ਚਲਾਉਂਦਾ ਹੈ ਤੇ ਉਹੀ ਮੁੱਖ ਮੰਤਰੀ ਦੀ ਕੋਠੀ ਵਿਚ ਉਹ ਬੈਠਦਾ ਹੈ। ਦਿੱਲੀ ਤੋਂ ਨਕਾਰੇ ਮੰਤਰੀਆਂ ਮਨੀਸ਼ ਸਿਸੋਦੀਆ ਤੇ ਜੈਨ ਨੂੰ 8-8 ਮਹਿਕਮੇ ਦਿੱਤੇ ਹੋਏ ਹਨ ਤੇ ਆਪਣੇ ਵਾਲੇ ਸਿਰਫ਼ ਦਸਤਖ਼ਤ ਕਰਨ ਲਈ ਰੱਖੇ ਹੋਏ ਹਨ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ 'ਆਪ' ਨੇ 4 ਸਾਲਾਂ ਵਿਚ 30 ਹਜ਼ਾਰ ਨੌਕਰੀਆਂ ਦਿੱਤੀਆਂ ਹਨ, ਅੱਧੇ ਤੋਂ ਵੱਧ ਨੌਜਵਾਨ ਪੰਜਾਬ ਤੋਂ ਬਾਹਰ ਦੇ ਹਨ। ਅਸੀਂ ਕਾਨੂੰਨ ਬਣਾਇਆ ਸੀ ਪੰਜਾਬ ਦੀਆਂ ਨੌਕਰੀਆਂ ਸਿਰਫ਼ ਪੰਜਾਬੀਆਂ ਲਈ ਹੋਣਗੀਆਂ, ਪਰ ਇਨ੍ਹਾਂ ਨੇ ਉਹ ਕਾਨੂੰਨ ਵੀ ਬਦਲ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 'ਆਪ' ਦੇ ਐੱਮ. ਐੱਲ. ਏ. ਤੇ ਲੀਡਰ ਨਸ਼ਾ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗ ਪਏ, ਉਹ ਤਸਕਰਾਂ ਖ਼ਿਲਾਫ਼ ਪੁਲਸ ਨੂੰ ਕਾਰਵਾਈ ਨਹੀਂ ਕਰਨ ਦਿੰਦੇ। ਸੁਖਬੀਰ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਮਾੜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਨੂੰ ਧਮਕਾ ਕੇ ਕਿਹਾ ਜਾਂਦਾ ਹੈ ਜੇ ਸਾਡੇ ਖ਼ਿਲਾਫ਼ ਕੁਝ ਲਿਖਿਆ ਤਾਂ ਪੈਸਾ ਬੰਦ ਕਰ ਦਿਵਾਂਗੇ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ, ਤਾਂ ਜੋ ਪੰਜਾਬ ਨੂੰ ਮੁੜ ਤੋਂ ਹਸਦਾ ਖੇਡਦਾ ਬਣਾਇਆ ਜਾ ਸਕੇ।
