''ਪੰਜਾਬ ਦੇ 40 ਫ਼ੀਸਦੀ ਨੀਲੇ ਕਾਰਡ ਕੱਟਣ ਮਗਰੋਂ ਨਵਾਂ ਜੁਮਲਾ...'' CM ਮਾਨ ਦੇ ਨਵੇਂ ਐਲਾਨ ''ਤੇ ਬੋਲੇ ਸੁਖਬੀਰ ਬਾਦਲ

Tuesday, Feb 24, 2026 - 12:52 PM (IST)

''ਪੰਜਾਬ ਦੇ 40 ਫ਼ੀਸਦੀ ਨੀਲੇ ਕਾਰਡ ਕੱਟਣ ਮਗਰੋਂ ਨਵਾਂ ਜੁਮਲਾ...'' CM ਮਾਨ ਦੇ ਨਵੇਂ ਐਲਾਨ ''ਤੇ ਬੋਲੇ ਸੁਖਬੀਰ ਬਾਦਲ

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਉਨ੍ਹਾਂ ਨੂੰ "ਡਰਾਮੇਬਾਜ਼ ਮੁੱਖ ਮੰਤਰੀ" ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਦੇ 40 ਫ਼ੀਸਦੀ ਨੀਲੇ ਕਾਰਡ ਕੱਟ ਦਿੱਤੇ ਹਨ ਅਤੇ ਹੁਣ ਚੋਣਾਂ ਦੇ ਸਾਲ ਵਿਚ ਖੰਡ, ਲੂਣ ਅਤੇ ਤੇਲ ਦੇਣ ਦਾ ਨਵਾਂ "ਜੁਮਲਾ" ਛੱਡ ਰਹੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ। ਉਨ੍ਹਾਂ ਪੁਰਾਣੇ ਵਾਅਦਿਆਂ ਦੀ ਯਾਦ ਦਿਵਾਉਂਦਿਆਂ ਕਿਹਾ ਕਿ 48 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੀਆਂ ਔਰਤਾਂ ਦੇ ਖਾਤੇ ਵਿਚ 1,000 ਰੁਪਏ ਆਉਣਾ ਹਾਲੇ ਵੀ ਇਕ ਸੁਪਨਾ ਹੀ ਬਣਿਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਵਾਕਿਆ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਕਲ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਸਹੂਲਤਾਂ ਨੂੰ ਬੰਦ ਕਿਉਂ ਕੀਤਾ ਗਿਆ ਹੈ। ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ ਦੇ ਸਮੇਂ ਮਿਲਣ ਵਾਲੀਆਂ ਆਟਾ-ਦਾਲ ਸਮੇਤ ਸਾਰੀਆਂ ਸਹੂਲਤਾਂ ਅੱਜ ਬੰਦ ਪਈਆਂ ਹਨ, ਜਿਸ ਦਾ ਜਵਾਬ ਸਰਕਾਰ ਨੂੰ ਪੰਜਾਬੀਆਂ ਨੂੰ ਦੇਣਾ ਪਵੇਗਾ।

ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਘੇਰਦਿਆਂ 10 ਪ੍ਰਮੁੱਖ ਸਵਾਲ ਪੁੱਛੇ ਹਨ:

1. ਧੀਆਂ ਨੂੰ ਵਿਆਹ ਮੌਕੇ ਦਿੱਤਾ ਜਾਣ ਵਾਲਾ ਸ਼ਗਨ ਕਿਉਂ ਰੋਕਿਆ ਗਿਆ ਹੈ?

2. ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਦੀ ਵੰਡ ਕਿਉਂ ਨਹੀਂ ਹੋ ਰਹੀ?

3. ਦਲਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਕਿਉਂ ਰੋਕਿਆ ਗਿਆ ਹੈ?

4. ਸਕੂਲ ਜਾਣ ਵਾਲੀਆਂ ਬੱਚੀਆਂ ਨੂੰ ਸਾਈਕਲ ਕਿਉਂ ਨਹੀਂ ਵੰਡੇ ਜਾ ਰਹੇ?

5. ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਕਿਉਂ ਨਹੀਂ ਮਿਲ ਰਹੀਆਂ?

6. ਨੌਜਵਾਨਾਂ ਲਈ ਖੇਡਾਂ ਦਾ ਸਾਮਾਨ ਅਤੇ ਜਿਮ ਦੀ ਸਹੂਲਤ ਕਿਉਂ ਬੰਦ ਹੈ?

7. ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰ ਵਰਗੀਆਂ ਅਹਿਮ ਸਹੂਲਤਾਂ ਕਿਉਂ ਠੱਪ ਪਈਆਂ ਹਨ?

8. ਗਰੀਬਾਂ ਲਈ ਮੁਫ਼ਤ ਦਵਾਈਆਂ ਦੀਆਂ ਦੁਕਾਨਾਂ ਕਿਉਂ ਬੰਦ ਕਰ ਦਿੱਤੀਆਂ ਗਈਆਂ ਹਨ?

9. ਪੀਣ ਵਾਲੇ ਸਾਫ਼ ਪਾਣੀ ਦੇ RO ਪਲਾਂਟ ਕਿਉਂ ਨਹੀਂ ਚੱਲ ਰਹੇ?

10. ਕੁਦਰਤੀ ਆਫ਼ਤਾਂ ਕਾਰਨ ਪ੍ਰਭਾਵਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖਰਾਬੇ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ?


author

Anmol Tagra

Content Editor

Related News