ਹਾਕੀ ਵਿਸ਼ਵ ਕੱਪ 2023 : ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਕੀਤਾ ਜੇਤੂ ਆਗਾਜ਼
Friday, Jan 13, 2023 - 04:55 PM (IST)

ਭੁਵਨੇਸ਼ਵਰ : ਅਰਜਨਟੀਨਾ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾ ਕੇ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ 2023 ਟੂਰਨਾਮੈਂਟ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਪੂਲ-ਏ ਦੇ ਮੈਚ ਵਿੱਚ ਮਾਈਕੋ ਕਾਸੇਲਾ ਨੇ ਤੀਜੇ ਕੁਆਰਟਰ ਵਿੱਚ ਜੇਤੂ ਟੀਮ ਲਈ ਗੋਲ ਕੀਤਾ। ਇਸ ਜਿੱਤ ਨਾਲ ਅਰਜਨਟੀਨਾ ਦੇ ਤਿੰਨ ਅੰਕ ਹੋ ਗਏ ਹਨ ਅਤੇ ਉਹ ਆਪਣੇ ਪੂਲ ਵਿੱਚ ਪਹਿਲੇ ਸਥਾਨ 'ਤੇ ਹੈ।
ਪਿਛਲੇ ਵਿਸ਼ਵ ਕੱਪ 'ਚ ਸੱਤਵੇਂ ਸਥਾਨ 'ਤੇ ਰਹੇ ਅਰਜਨਟੀਨਾ ਨੇ ਸ਼ੁਰੂਆਤੀ ਮਿੰਟਾਂ 'ਚ ਦੱਖਣੀ ਅਫਰੀਕਾ ਦੇ ਗੋਲ 'ਤੇ ਹਮਲਾ ਕਰਦੇ ਹੋਏ ਇੱਥੇ ਆਪਣੀ ਮੁਹਿੰਮ ਦੀ ਹਮਲਾਵਰ ਸ਼ੁਰੂਆਤ ਕੀਤੀ। ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਹਾਲਾਂਕਿ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਗੇਂਦ 'ਤੇ ਕਬਜ਼ਾ ਕਰ ਲਿਆ।
ਸੇਨਜ਼ਵਿਜ਼ਲੇ ਨਿਉਬਾਨੇ ਫਿਰ ਗੇਂਦ ਨਾਲ ਅਰਜਨਟੀਨਾ ਦੇ ਡੀ ਵੱਲ ਭੱਜਿਆ ਪਰ ਉਸ ਦੇ ਡਿਫੈਂਸ ਨੇ ਗੇਂਦ ਨੂੰ ਬਾਹਰ ਧੱਕ ਦਿੱਤਾ। ਮੈਚ ਦੇ ਦੂਜੇ ਕੁਆਰਟਰ ਵਿੱਚ ਅਰਜਨਟੀਨਾ ਨੂੰ ਦੋ ਪੈਨਲਟੀ ਮਿਲੇ, ਹਾਲਾਂਕਿ ਉਸ ਨੂੰ ਲੀਡ ਲੈਣ ਲਈ ਤੀਜੇ ਕੁਆਰਟਰ ਤੱਕ ਇੰਤਜ਼ਾਰ ਕਰਨਾ ਪਿਆ। ਸ਼ੁਰੂਆਤੀ 30 ਮਿੰਟਾਂ 'ਚ ਕੋਈ ਸਫਲਤਾ ਨਾ ਮਿਲਣ ਦੇ ਬਾਵਜੂਦ ਅਰਜਨਟੀਨਾ ਨੇ ਵਿਰੋਧੀ ਟੀਮ ਦੇ ਗੋਲਪੋਸਟਾਂ 'ਤੇ ਹਮਲੇ ਜਾਰੀ ਰੱਖੇ।
ਉਨ੍ਹਾਂ ਨੂੰ ਇਸ ਦਾ ਫਾਇਦਾ ਉਦੋਂ ਮਿਲਿਆ ਜਦੋਂ ਲੂਕਸ ਟੋਸਕਾਨੀ ਦੇ ਪਾਸ 'ਤੇ ਕੈਸੇਲਾ ਨੇ ਦੱਖਣੀ ਅਫਰੀਕੀ ਗੋਲ ਕੀਪਰ ਨੂੰ ਝਕਾਨੀ ਦਿੰਦੇ ਹੋਏ ਗੇਂਦ ਨੂੰ ਨੈੱਟ 'ਤੇ ਪਹੁੰਚਾ ਦਿੱਤਾ। ਦੱਖਣੀ ਅਫਰੀਕਾ ਨੇ ਚੌਥੇ ਕੁਆਰਟਰ ਵਿੱਚ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਰਜਨਟੀਨਾ ਦੇ ਗੋਲਕੀਪਰ ਨੇ ਦਬਾਅ ਤੋਂ ਨਜਿੱਠਦੇ ਹੋਏ ਆਪਣੀ ਟੀਮ ਲਈ ਇਕ ਗੋਲ ਨਾਲ ਜਿੱਤ ਯਕੀਨੀ ਬਣਾਈ।