ਵਾਈ. ਐੱਫ. ਸੀ. ਵਾਲੰਟੀਅਰਜ਼ ਫੀਫਾ ਵਰਲਡ ਕੱਪ ਤੋਂ ਵਤਨ ਪਰਤੇ

Saturday, Jul 21, 2018 - 09:40 AM (IST)

ਵਾਈ. ਐੱਫ. ਸੀ. ਵਾਲੰਟੀਅਰਜ਼ ਫੀਫਾ ਵਰਲਡ ਕੱਪ ਤੋਂ ਵਤਨ ਪਰਤੇ

ਜਲੰਧਰ-—ਹਾਲ ਹੀ ਵਿਚ ਫੀਫਾ ਵਰਲਡ ਕੱਪ ਰੂਸ ਵਿਚ ਖਤਮ ਹੋਇਆ, ਜਿੱਥੇ ਫਰਾਂਸ ਨੇ ਫਾਈਨਲ ਮੁਕਾਬਲਾ ਜਿੱਤਿਆ ਤੇ ਨਾਲ ਹੀ ਕ੍ਰੋਏਸ਼ੀਆ ਦੀ ਟੀਮ ਨੇ ਵੀ ਲੋਕਾਂ ਦੇ ਦਿਲਾਂ ਵਿਚ ਡੂੰਘੀ ਛਾਪ ਛੱਡੀ। ਫੀਫਾ ਵਲੋਂ ਫੁੱਟਬਾਲ ਵਰਲਡ ਕੱਪ ਦੇ ਨਾਲ-ਨਾਲ ਇਕ ਯੂਥ ਪ੍ਰੋਗਰਾਮ ਫੀਫਾ ਫਾਊਂਡੇਸ਼ਨ ਫੈਸਟੀਵਲ ਯੰਗ ਲੀਡਰ ਅਤੇ ਮੈਂਟਰਜ਼ ਲਈ ਆਯੋਜਿਤ ਕੀਤਾ ਜਾਂਦਾ ਹੈ, ਜਿਸ 'ਚ ਪੂਰੀ ਦੁਨੀਆ 'ਚੋਂ ਕਈ ਡੈਲੀਗੇਸ਼ਨ ਇਸ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹਨ।
 ਵਾਈ. ਐੱਫ. ਸੀ. ਰੁੜਕਾ ਕਲਾਂ ਦੀਆਂ ਵਧੀਆ ਕਾਰਗੁਜ਼ਾਰੀਆਂ ਕਾਰਨ ਇਸ ਕਲੱਬ ਦੇ ਦੋ ਯੂਥ ਮੈਂਟਰ ਅਤੇ ਇਕ ਟ੍ਰੇਨਿੰਗ ਮੋਨੀਟਰਿੰਗ ਅਫਸਰ ਨੂੰ ਫੀਫਾ ਵਲੋਂ ਆਫੀਸ਼ੀਅਲੀ ਤੌਰ 'ਤੇ ਰੂਸ ਦੇ ਸ਼ਹਿਰ ਮਾਸਕੋ 'ਚ ਕਰਵਾਏ ਗਏ ਫੈਸਟੀਵਲ ਵਿਚ ਭਾਗ ਲੈਣ ਲਈ ਬੁਲਾਇਆ ਗਿਆ ਸੀ, ਜਿਸ 'ਚ ਜਸਪ੍ਰੀਤ ਕੌਰ ਦੁਨੀਆ ਭਰ ਦੇ ਦੇਸ਼ਾਂ 'ਚੋਂ ਚੁਣੀਆਂ ਗਈਆਂ 6 ਲੜਕੀਆਂ 'ਚੋਂ ਇਕ ਹੈ, ਜਿਹੜੀ ਫੀਫਾ ਪ੍ਰੋਗਰਾਮ ਦਾ ਹਿੱਸਾ ਬਣੀ। ਉਸ ਨੇ ਰੂਸ ਵਿਖੇ ਫੈਸਿਲੀਟੇਟਰ ਅਤੇ ਯੰਗ ਲੀਡਰਜ਼ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕੀਤਾ । ਨਾਲ ਹੀ ਉਸ ਨੇ ਵੱਖ-ਵੱਖ ਡੂਮੇਨਜ਼ ਤੇ ਵਰਕਸ਼ਾਪ ਅਤੇ ਫੁੱਟਬਾਲ 3 ਵਿਧੀ ਦੀ ਟ੍ਰੇਨਿੰਗ ਵੀ ਦਿੱਤੀ।  ਇਸ ਤੋਂ ਇਲਾਵਾ ਦੋ ਹੋਰ ਯੂਥ ਮੈਂਟਰ ਬਲਜਿੰਦਰ ਅਤੇ ਸੋਨੀਆ ਵਲੋਂ ਵੀ ਇਸ ਫੈਸਟੀਵਲ ਵਿਚ ਭਾਗ ਲਿਆ ਗਿਆ। ਬਲਜਿੰਦਰ ਕੌਰ ਜੋ ਪਿੰਡ ਦੀਵਾਲੀ ਦੀ ਰਹਿਣ ਵਾਲੀ ਹੈ ਅਤੇ ਉਹ ਜਮਸ਼ੇਰ ਦੇ ਸਰਕਾਰੀ ਸਕੂਲ 'ਚ ਯੂਥ ਮੈਂਟਰ ਦੇ ਤੌਰ 'ਤੇ ਕੰਮ ਕਰਦੀ ਆ ਰਹੀ ਹੈ। ਸੋਨੀਆ ਜਿਹੜੀ ਕਿ ਪਿੰਡ ਬਕਾਪੁਰ ਦੀ ਰਹਿਣ ਵਾਲੀ ਹੈ ਅਤੇ ਬਕਾਪੁਰ ਦੇ ਸਰਕਾਰੀ ਸਕੂਲ ਵਿਚ ਯੂਥ ਮੈਂਟਰ ਦੇ ਤੌਰ 'ਤੇ ਕੰਮ ਕਰ ਰਹੀ ਹੈ। ਇਹ ਯੂਥ ਮੈਂਟਰਾਂ ਪਿਛਲੇ 4 ਸਾਲ ਤੋਂ ਵਾਈ. ਐੱਫ. ਸੀ. ਰੁੜਕਾ ਕਲਾਂ ਨਾਲ ਕੰਮ ਕਰ ਰਹੀਆਂ ਹਨ ।

ਫੀਫਾ ਫੈਸਟੀਵਲ ਵਿਚ ਭਾਗ ਲੈ ਕੇ ਆਈਆਂ ਜਸਪ੍ਰੀਤ ਕੌਰ ਤੇ ਸੋਨੀਆ ਨੇ ਇੱਥੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਡੇ ਅਤੇ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਫੀਫਾ ਵੱਲੋਂ ਵਾਈ. ਐੱਫ. ਸੀ. ਰੁੜਕਾ ਕਲਾਂ ਲਈ ਖਾਸ ਤੌਰ 'ਤੇ ਬੱਚਿਆਂ ਲਈ ਫੁੱਟਬਾਲ ਭੇਜ ਕੇ ਕਲੱਬ ਦਾ ਉਨ੍ਹਾਂ ਦੇ ਖੇਡ ਖੇਤਰ 'ਚ ਕੀਤੇ ਜਾ ਰਹੇ ਕੰਮਾਂ ਨੂੰ ਉਤਸ਼ਾਹਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਾਪਸ ਵਤਨ ਪਰਤਣ 'ਤੇ ਵਾਈ. ਐੱਫ. ਸੀ. ਟੀਮ ਦਾ ਸਵਾਗਤ ਕੀਤਾ ਗਿਆ। ਉਨ੍ਹ੍ਹਾਂ ਕਿਹਾ ਕਿ ਵਾਈ. ਐੱਫ. ਸੀ. ਰੁੜਕਾ ਕਲਾਂ ਦਾ ਮੁੱਖ ਟੀਚਾ ਖੇਡਾਂ ਰਾਹੀਂ ਸਮਾਜ 'ਚ ਬਦਲਾਅ ਲਿਆਉਣਾ ਹੈ।


Related News