ਸਤਲੁਜ ਦਰਿਆ ਨੇੜੇ ਪਲਟਿਆ ਟਰੱਕ! ਪਟਿਆਲੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਥਾਵਾਚਕ ਦਾ ਪਰਿਵਾਰ
Tuesday, Dec 09, 2025 - 06:43 PM (IST)
ਮਾਛੀਵਾੜਾ ਸਾਹਿਬ (ਟੱਕਰ)- ਦੋਆਬੇ ਤੇ ਮਾਲਵੇ ਨੂੰ ਜੋੜਦਾ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਧੱਸੀ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਸਰਕਾਰ ਵਲੋਂ ਇਸ ਦੀ ਮੁਰੰਮਤ ਤਾਂ ਕੀ ਕਰਵਾਉਣੀ ਸੀ ਬਲਕਿ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਹੋਈ ਹੈ। ਬੀਤੀ ਰਾਤ ਇਸ ਪੁਲ ਨੇੜ੍ਹੇ ਗੁਰੂ ਘਰ ਦਾ ਕਥਾਵਾਚਕ ਜੋ ਕਿ ਆਪਣਾ ਘਰੇਲੂ ਸਮਾਨ ਲੈ ਕੇ ਜਾ ਰਿਹਾ ਸੀ, ਉਸ ਦਾ ਟਰੱਕ ਪੁਲਸ ਕਰਮਚਾਰੀਆਂ ਵੱਲੋਂ ਨਾ ਲੰਘਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਦੇ ਸਾਰੇ ਸਾਮਾਨ ਦੇ ਨਾਲ-ਨਾਲ ਗੁਰਬਾਣੀ ਦੀਆਂ ਪੋਥੀਆਂ ਵੀ ਖੱਡੇ ਵਿਚ ਡਿੱਗ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਥਾਵਾਚਕ ਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਘਰ ਦਾ ਸਾਰਾ ਸਾਮਾਨ ਅਤੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਨੇੜੇ ਸਤਲੁਜ ਦਰਿਆ ਪੁਲ਼ ’ਤੇ ਜਦੋਂ ਪੁੱਜੇ ਤਾਂ ਉਨ੍ਹਾਂ ਦਾ ਟਰੱਕ ਅੱਗੇ ਨਾ ਲੰਘਣ ਦਿੱਤਾ ਗਿਆ ਅਤੇ ਕਿਹਾ ਕਿ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੈ। ਕਥਾਵਾਚਕ ਨੇ ਦੋਸ਼ ਲਗਾਇਆ ਕਿ ਪੁਲ ’ਤੇ ਤਾਇਨਾਤ ਪੁਲਸ ਕਰਮਚਾਰੀ ਨੇ ਉਸ ਕੋਲੋਂ 200 ਰੁਪਏ ਵੀ ਲੈ ਲਏ ਪਰ ਟਰੱਕ ਨਾ ਲੰਘਾਇਆ ਅਤੇ ਜਦੋਂ ਉਹ ਟਰੱਕ ਵਾਪਸ ਮੋੜਨ ਲੱਗੇ ਤਾਂ ਸੜਕ ਕਿਨਾਰੇ ਖੱਡੇ ਵਿਚ ਪਲਟ ਗਿਆ। ਉਸ ਨੇ ਦੱਸਿਆ ਕਿ ਟਰੱਕ ਪਲਟਣ ਕਾਰਨ ਉਸ ਦਾ ਸਾਰਾ ਘਰੇਲੂ ਸਮਾਨ, ਖਾਸ ਕਰ ਗੁਰਬਾਣੀ ਦੀਆਂ ਪੋਥੀਆਂ ਵੀ 50 ਫੁੱਟ ਡੂੰਘੇ ਖੱਡੇ ਵਿਚ ਜਾ ਡਿੱਗੀਆਂ। ਕਥਾਵਾਚਕ ਨੇ ਦੋਸ਼ ਲਗਾਇਆ ਕਿ ਟਰੱਕ, ਟਿੱਪਰ ਅਤੇ ਗੰਨੇ ਦੀਆਂ ਭਰੀਆਂ ਟਰਾਲੀਆਂ ਬੇਰੋਕ ਲੰਘ ਰਹੀਆਂ ਸਨ ਪਰ ਉਸ ਦਾ ਇਕ ਟਰੱਕ ਨਹੀਂ ਲੰਘਣ ਦਿੱਤਾ ਗਿਆ, ਜਿਸ ਕਾਰਨ ਹਾਦਸਾ ਵਾਪਰ ਗਿਆ। ਦੂਜੇ ਪਾਸੇ ਟਰੱਕ ਡਰਾਇਵਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਸਮਾਨ ਲੈ ਕੇ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤਾਂ ਸਤਲੁਜ ਪੁਲ਼ ’ਤੇ ਤਾਇਨਾਤ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਅੱਗੇ ਨਾ ਲੰਘਣ ਦਿੱਤਾ ਅਤੇ 200 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੈਸੇ ਲੈਣ ਦੇ ਬਾਵਜੂਦ ਟਰੱਕ ਪੁਲ਼ ਤੋਂ ਨਾ ਲੰਘਣ ਦਿੱਤਾ ਅਤੇ ਟਰੱਕ ਪਲਟਣ ਕਾਰਨ ਪਰਿਵਾਰ ਦਾ ਲੱਖਾਂ ਰੁਪਏ ਨੁਕਸਾਨ ਹੋ ਗਿਆ।
ਅਫ਼ਸਰਾਂ ਕੋਲ ਪਹੁੰਚੀ ਮੁਲਾਜ਼ਮਾਂ ਦੇ ਵਤੀਰੇ ਦੀ ਸ਼ਿਕਾਇਤ
ਇਸ ਸਬੰਧੀ ਜਦੋਂ ਕਨੌਣ ਹਾਈਟੈੱਕ ਨਾਕੇ ’ਤੇ ਮੌਜੂਦ ਸਹਾਇਕ ਥਾਣੇਦਾਰ ਮੰਗਾ ਸਿੰਘ ਨੇ ਕਿਹਾ ਕਿ ਰਾਤ ਜੋ ਟਰੱਕ ਪਲਟਣ ਵਾਲੀ ਘਟਨਾ ਵਾਪਰੀ ਹੈ ਉਹ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਮੁਲਾਜਮ ਵਲੋਂ ਪਰਿਵਾਰ ਨਾਲ ਕੀਤੇ ਦੁਰਵਿਵਹਾਰ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
