ਮਾਂ ਦੀ ਮੌਤ ਦੀ ਖ਼ਬਰ ਸੁਣ ਵਿਦੇਸ਼ੋਂ ਪਰਤੇ ਬੱਚੇ, ਪੰਜਾਬ ਆਉਂਦਿਆਂ ਹੀ ਹੋ ਗਿਆ ਵੱਡਾ ਕਾਂਡ
Monday, Dec 22, 2025 - 11:21 AM (IST)
ਲੁਧਿਆਣਾ (ਰਾਜ): ਫਿਰੋਜ਼ਪੁਰ ਰੋਡ ਸਥਿਤ ਓਰਿਜਨ ਹਸਪਤਾਲ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁਰਦਾਘਰ ਵਿਚ ਰੱਖੀਆਂ ਲਾਸ਼ਾਂ ਦੀ ਅਦਲਾ-ਬਦਲੀ ਹੋ ਗਈ। 19 ਦਸੰਬਰ ਨੂੰ ਇਕ ਮਹਿਲਾ ਦੀ ਮੌਤ ਮਗਰੋਂ ਉਸ ਦੇ ਪਤੀ ਨੇ ਬੱਚਿਆਂ ਦੇ ਵਿਦੇਸ਼ ਵਿਚ ਹੋਣ ਕਾਰਨ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਸੁਰੱਖਿਅਤ ਰਖਵਾ ਦਿੱਤਾ ਸੀ। ਅੱਜ ਸਵੇਰੇ ਜਦੋਂ ਮ੍ਰਿਤਕਾ ਦੇ ਬੱਚੇ ਵਿਦੇਸ਼ ਤੋਂ ਪਰਤ ਕੇ ਮਾਂ ਦੀ ਮ੍ਰਿਤਕ ਦੇਹ ਲੈਣ ਮੁਰਦਾਘਰ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਗਏ। ਹਸਪਤਾਲ ਸਟਾਫ਼ ਨੇ ਉਨ੍ਹਾਂ ਦੀ ਮਾਂ ਦੀ ਜਗ੍ਹਾ ਕਿਸੇ ਹੋਰ ਮਹਿਲਾ ਦੀ ਮ੍ਰਿਤਕ ਦੇਹ ਉਨ੍ਹਾਂ ਨੂੰ ਸੌਂਪ ਦਿੱਤੀ।
ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਜਿਸ ਦਿਨ ਉਕਤ ਮਹਿਲਾ ਦੀ ਲਾਸ਼ ਮੁਰਦਾਘਰ ਵਿਚ ਰੱਖੀ ਗਈ ਸੀ, ਉਸੇ ਦਿਨ ਇਕ ਹੋਰ ਮਹਿਲਾ ਦੀ ਲਾਸ਼ ਵੀ ਉੱਥੇ ਲਿਆਂਦੀ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਦੀ ਲਾਪਰਵਾਹੀ ਵਿਚ ਵੱਡੀ ਗਲਤੀ ਹੋਈ ਤੇ ਮਹਿਲਾ ਦੀ ਲਾਸ਼ ਕਿਸੇ ਹੋਰ ਪਰਿਵਾਰ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਵੱਲੋਂ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।
ਇਸ ਗੰਭੀਰ ਲਾਪਰਵਾਹੀ ਤੋਂ ਭੜਕੇ ਪਰਿਵਾਰ ਨੇ ਹਸਪਤਾਲ ਵਿਚ ਧਰਨਾ ਦੇ ਦਿੱਤਾ ਹੈ ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫ਼ਿਲਹਾਲ ਇਹ ਮਾਮਲਾ ਹਸਪਤਾਲ ਪ੍ਰਬੰਧਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ, ਉੱਥੇ ਹੀ ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।
