ਮਜੀਠੀਆ ਨੇ ਵੀ. ਸੀ. ਰਾਹੀਂ ਭੁਗਤੀ ਪੇਸ਼ੀ, 23 ਤੱਕ ਵਧੀ ਨਿਆਇਕ ਹਿਰਾਸਤ

Thursday, Dec 11, 2025 - 09:36 AM (IST)

ਮਜੀਠੀਆ ਨੇ ਵੀ. ਸੀ. ਰਾਹੀਂ ਭੁਗਤੀ ਪੇਸ਼ੀ, 23 ਤੱਕ ਵਧੀ ਨਿਆਇਕ ਹਿਰਾਸਤ

ਮੋਹਾਲੀ (ਜੱਸੀ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਪੇਸ਼ੀ ਭੁਗਤੀ। ਇਸ ਦੌਰਾਨ ਅਦਾਲਤ ’ਚ ਸਰਕਾਰੀ ਧਿਰ ਵੱਲੋਂ ਪ੍ਰੀਤਇੰਦਰ ਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ, ਜਦਕਿ ਮਜੀਠੀਆ ਵੱਲੋਂ ਐਡਵੋਕੇਟ ਐੱਚ. ਐੱਸ. ਧਨੋਆ ਪੇਸ਼ ਹੋਏ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਇਸ ਮਾਮਲੇ ’ਚ ਦੋਸ਼ ਤੈਅ ਕਰਨ ਲਈ 23 ਦਸੰਬਰ ਨੂੰ ਦੋਵਾਂ ਧਿਰਾਂ ’ਚ ਬਹਿਸ ਹੋਣ ਦੀ ਵੀ ਸੰਭਾਵਨਾ ਹੈ। ਮਜੀਠੀਆ ਖ਼ਿਲਾਫ਼ 25 ਜੂਨ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13(1)(ਬੀ) ਅਤੇ 13(2) ਦੇ ਤਹਿਤ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਮੋਹਾਲੀ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਬਾਅਦ ’ਚ ਇਸ ਮਾਮਲੇ ’ਚ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਤੇ ਨਜ਼ਦੀਕੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਨਾਮਜ਼ਦ ਕਰ ਕੇ ਗੁਲਾਟੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਗਜਪਤ ਨੂੰ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ ’ਤੇ ਅਗਲੀ ਸੁਣਵਾਈ 23 ਨੂੰ
ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਦਰਜ ਮਾਮਲੇ ’ਚ ਉਨ੍ਹਾਂ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਭਗੌੜਾ ਕਰਾਰ ਦੇਣ ਲਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਦਾਇਰ ਅਰਜ਼ੀ ’ਤੇ ਹਾਈਕੋਰਟ ਵੱਲੋਂ 18 ਦਸੰਬਰ ਤੱਕ ਲਾਈ ਗਈ ਰੋਕ ਬਾਰੇ ਵਕੀਲ ਐੱਚ. ਐੱਸ. ਧਨੋਆ ਵੱਲੋਂ ਹੇਠਲੀ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਕਤ ਅਰਜ਼ੀ ’ਤੇ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ।

ਹੇਠਲੀ ਅਦਾਲਤ ਵੱਲੋਂ ਗਜਪਤ ਸਿੰਘ ਗਰੇਵਾਲ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਅਤੇ ਗਜਪਤ ਨੂੰ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ ’ਤੇ ਕਾਰਵਾਈ ਸਬੰਧੀ ਹਾਈਕੋਰਟ ਵੱਲੋਂ ਗਜਪਤ ਗਰੇਵਾਲ ਨੂੰ ਰਾਹਤ ਦਿੰਦਿਆਂ ਭਗੌੜਾ ਕਰਾਰ ਦੇਣ ਵਾਲੀ ਅਰਜ਼ੀ ’ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਦਸੰਬਰ ਤੱਕ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ।


author

Babita

Content Editor

Related News