ਕ੍ਰਿਸਮਸ ਦੀਆਂ ਖ਼ੁਸੀਆਂ ਮਾਤਮ ''ਚ ਬਦਲੀਆਂ, ਵਾਈ-ਫਾਈ ਠੀਕ ਕਰਨ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
Monday, Dec 22, 2025 - 12:56 AM (IST)
ਫਤਿਹਗੜ੍ਹ ਚੂੜੀਆਂ (ਬਿਕਰਮਜੀਤ/ਸਰੰਗਲ) : ਫਤਿਹਗੜ੍ਹ ਚੂੜੀਆਂ ’ਚ ਨੈੱਟ ਪਲੱਸ ਕੰਪਨੀ ਦੇ ਡੀਲਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸਦੀ ਪਛਾਣ ਹੈਪੀ ਜੌਨ ਹੰਸ ਪੁੱਤਰ ਯੂਸਫ ਹੰਸ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਯੂਸਫ ਹੰਸ ਅਤੇ ਹੈਰੀ ਮਸੀਹ ਨੇ ਦੱਸਿਆ ਕਿ ਹੈਪੀ ਹੰਸ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਵਿਖੇ ਵਾਈ-ਫਾਈ ਦੀ ਸ਼ਿਕਾਇਤ ਠੀਕ ਕਰਨ ਗਿਆ ਸੀ ਅਤੇ ਇਸ ਦੌਰਾਨ ਉਹ ਲੋਹੇ ਦੀ ਪੌੜੀ ’ਤੇ ਚੜ੍ਹ ਕੇ ਨੈੱਟ ਠੀਕ ਕਰ ਰਿਹਾ ਸੀ ਕਿ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ, ਮ੍ਰਿਤਕ ਹੈਪੀ ਹੰਸ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ, ਦੋ ਬੇਟੀਆਂ ਅਤੇ ਪਿਤਾ ਨੂੰ ਛੱਡ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਵਿੱਚ ਕ੍ਰਿਸਮਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸੀ। ਇਸ ਦੌਰਾਨ ਵਾਪਰੇ ਹਾਦਸੇ ਕਾਰਨ ਪਰਿਵਾਰ ਦੀਆਂ ਖ਼ੁਸੀਆਂ ਮਾਤਮ ਵਿੱਚ ਬਦਲ ਗਈਆਂ। ਇਸ ਦੌਰਾਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਟੈਕਸਟਾਈਲ ਰੰਗਾਈ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ
ਮ੍ਰਿਤਕ ਦਾ ਰਿਸ਼ਤੇਦਾਰ ਸੜਕ ’ਚ ਹੋਇਆ ਜ਼ਖਮੀ
ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਹੈਪੀ ਹੰਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਸਦਾ ਰਿਸ਼ਤੇਦਾਰ ਪ੍ਰੇਮ ਮਸੀਹ ਡੀਜੇ ਵਾਲਾ ਅਤੇ ਉਸ ਦਾ ਬੇਟਾ ਸੋਨੂੰ ਮਸੀਹ ਵਾਸੀ ਫਤਿਹਗੜ੍ਹ ਚੂੜੀਆਂ ਅਜਨਾਲਾ ਰੋਡ ਹਸਪਤਾਲ ਜਾ ਰਹੇ ਸੀ ਤਾਂ ਅਚਾਨਕ ਇੱਕ ਕਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਪ੍ਰੇਮ ਮਸੀਹ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
