ਦੀਪਨ ਬਣਿਆ ਚੈਂਪੀਅਨ

08/24/2017 3:03:11 AM

ਅਹਿਮਦਾਬਾਦ— 55ਵੀਂ ਰਾਸ਼ਟਰੀ ਪੁਰਸ਼ ਚੈਲੰਜਰਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਆਖਰੀ ਰਾਊਂਡ 'ਚ ਹੀ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਰੇਲਵੇ ਦੇ ਗ੍ਰੈਂਡ  ਮਾਸਟਰ ਦੀਪਨ ਚੱਕਰਵਰਤੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ 12 ਰਾਊਂਡਜ਼ ਤਕ ਸਭ ਤੋਂ ਅੱਗੇ ਰਹੇ ਰੇਲਵੇ ਦੇ ਹੀ ਗ੍ਰੈਂਡ ਮਾਸਟਰ ਸਵਪਨਿਲ ਥੋਪਾੜੇ ਨੂੰ ਕਾਲੇ ਮੋਹਰਿਆਂ ਨਾਲ ਹਰਾ ਕੇ ਜ਼ਿੰਦਗੀ ਦਾ ਪਹਿਲਾ ਸੀਨੀਅਰ ਰਾਸ਼ਟਰੀ ਖਿਤਾਬ ਜਿੱਤ ਲਿਆ। 
ਮੈਚ ਤੋਂ ਪਹਿਲਾਂ ਜਿਥੇ ਸਵਪਨਿਲ 10 ਅੰਕਾਂ 'ਤੇ ਸੀ ਤਾਂ ਦੀਪਨ 9.5 ਅੰਕਾਂ 'ਤੇ ਸੀ ਤੇ ਸਵਪਨਿਲ ਨੂੰ ਖਿਤਾਬ ਹਾਸਲ ਕਰਨ ਲਈ ਡਰਾਅ ਦੀ ਲੋੜ ਸੀ ਪਰ ਉਹ ਰੱਖਿਆਤਮਕ ਖੇਡਣ ਦੀ ਕੋਸ਼ਿਸ਼ ਵਿਚ ਦਬਾਅ 'ਚ ਆ ਗਿਆ ਤੇ ਦੀਪਨ ਦੀ ਇੱਛਾ-ਸ਼ਕਤੀ ਨੇ ਉਸ ਤੋਂ ਖਿਤਾਬ ਖੋਹ ਲਿਆ ਤੇ ਦੀਪਨ 10.5 ਅੰਕਾਂ ਨਾਲ ਜੇਤੂ ਰਿਹਾ। ਤੀਜੇ ਸਥਾਨ 'ਤੇ ਵੀ ਰੇਲਵੇ ਦਾ ਹੀ ਕਬਜ਼ਾ ਰਿਹਾ ਤੇ ਹਿਮਾਂਸ਼ੂ ਸ਼ਰਮਾ ਨੇ ਆਖਰੀ ਰਾਊਂਡ ਵਿਚ ਪੂਰਾ ਜ਼ੋਰ ਲਾ ਕੇ ਐੱਲ. ਆਈ. ਸੀ. ਦੇ ਗ੍ਰੈਂਡ ਮਾਸਟਰ ਸ਼੍ਰੀਰਾਮ ਨੂੰ ਡਰਾਅ ਕਰਦਿਆਂ 9.5 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰ ਲਿਆ।


Related News