ਕੋਲਡ ਡਰਿੰਕ ਕੰਪਨੀ 'ਚ ਕੰਮ ਕਰਦਾ ਸੀ ਕਪਿਲ ਸ਼ਰਮਾ, ਜਾਣੋ ਕਿਵੇਂ ਬਣਿਆ ਕਾਮੇਡੀ ਦਾ ਬਾਦਸ਼ਾਹ?
Tuesday, Apr 02, 2024 - 12:02 PM (IST)
ਐਂਟਰਟੇਨਮੈਂਟ ਡੈਸਕ : ਜੇਕਰ ਮਿਹਨਤ ਪੂਰੀ ਲਗਨ ਨਾਲ ਕੀਤੀ ਜਾਵੇ ਤਾਂ ਸਫ਼ਲਤਾ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਅਸੀਂ ਅਜਿਹੇ ਹੀ ਇੱਕ ਸਟਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਇਸ ਨੂੰ ਸੱਚ ਸਾਬਤ ਕੀਤਾ ਹੈ। ਅਸੀ ਗੱਲ ਕਰ ਰਹੇ ਹਾਂ, ਸਟੈਂਡ-ਅੱਪ ਕਾਮੇਡੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕਪਿਲ ਸ਼ਰਮਾ ਬਾਰੇ, ਜੋ ਬਾਲੀਵੁੱਡ ਦੇ ਖ਼ਾਸ ਸਿਤਾਰਿਆਂ 'ਚੋਂ ਇੱਕ ਹਨ। ਕਈ ਫ਼ਿਲਮਾਂ 'ਚ ਮੁੱਖ ਭੂਮਿਕਾਵਾਂ ਨਿਭਾ ਚੁੱਕੇ ਕਪਿਲ ਸ਼ਰਮਾ ਇੰਨੀਂ ਦਿਨੀਂ ਆਪਣੇ ਨਵੇਂ ਸ਼ੋਅ ਨਾਲ ਦਰਸ਼ਕਾਂ ਨੂੰ ਖੂਬ ਹਸਾ ਰਹੇ ਹਨ ਪਰ ਉਨ੍ਹਾਂ ਦੀ ਕਾਮਯਾਬੀ ਪਿੱਛੇ ਦਾ ਸਫ਼ਰ ਬਿਲਕੁਲ ਵੀ ਸੋਖਾ ਨਹੀਂ ਸੀ। ਅੱਜ ਕਪਿਲ ਸ਼ਰਮਾ ਕੋਲ ਸਭ ਕੁਝ ਹੈ। ਨਾਮ, ਪ੍ਰਸਿੱਧੀ ਅਤੇ ਦੌਲਤ ਦੇ ਨਾਲ-ਨਾਲ ਆਲੀਸ਼ਾਨ ਘਰ, ਮਹਿੰਗੀਆਂ ਕਾਰਾਂ ਦਾ ਭੰਡਾਰ ਅਤੇ ਅਣਗਿਣਤ ਦਰਸ਼ਕਾਂ ਦਾ ਪਿਆਰ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੂੰ ਲੋਕਲ ਟਰੇਨਾਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ।
ਮਨੋਰੰਜਨ ਖੇਤਰ 'ਚ ਲੰਬਾ ਸ਼ਾਨਦਾਰ ਕਰੀਅਰ
ਕਪਿਲ ਸ਼ਰਮਾ ਦਾ ਮਨੋਰੰਜਨ ਖੇਤਰ 'ਚ ਲੰਬਾ ਸ਼ਾਨਦਾਰ ਕਰੀਅਰ ਰਿਹਾ ਹੈ। ਇੱਕ ਰਿਐਲਿਟੀ ਕਾਮੇਡੀ ਸ਼ੋਅ 'ਚ ਪ੍ਰਤੀਯੋਗੀ ਹੋਣ ਤੋਂ ਲੈ ਕੇ ਆਪਣੇ ਮਸ਼ਹੂਰ ਸ਼ੋਅ ਦੀ ਮੇਜ਼ਬਾਨੀ ਕਰਨ ਤੱਕ, ਕਪਿਲ ਦੇ ਸਫ਼ਰ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਕਪਿਲ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਕਾਰਨ ਹੈ ਕਿ ਉਹ ਅੱਜ ਉਭਰ ਰਹੇ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ 'ਕਿਸ-ਕਿਸ ਕੋ ਪਿਆਰ ਕਰੂੰ' ਅਤੇ 'ਫਿਰੰਗੀ' ਵਰਗੀਆਂ ਫਿਲਮਾਂ 'ਚ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ।
ਕਪਿਲ ਕਰਦੈ ਕਰੋੜਾਂ ਦੀ ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ 'ਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 'ਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ। ਕਪਿਲ ਆਪਣੇ ਪ੍ਰੋਡਕਸ਼ਨ ਹਾਊਸ 'ਕੇ9' ਪ੍ਰੋਡਕਸ਼ਨ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੈਨਰ ਹੇਠ ਫ਼ਿਲਮਾਂ ਬਣਾ ਕੇ ਵੀ ਕਾਫ਼ੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮੁੰਬਈ 'ਚ ਆਲੀਸ਼ਾਨ ਘਰ ਹੈ।
ਮਹਿੰਗੀਆਂ ਤੇ ਲਗਜ਼ਰੀਆਂ ਗੱਡੀਆਂ ਦੇ ਨੇ ਮਾਲਕ
ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਕੋਲ ਆਪਣੀ ਇੱਕ ਲਗਜ਼ਰੀ ਵੈਨਿਟੀ ਵੈਨ ਵੀ ਹੈ, ਜਿਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਪਿਲ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਕਪਿਲ ਸ਼ਰਮਾ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਕੋਲ Mercedes Benz S350 CDI ਅਤੇ Range Rover Evoque SD4 ਵਰਗੀਆਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ। ਕਪਿਲ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕਾਫ਼ੀ ਕਮਾਈ ਕਰਦੇ ਹਨ। ਉਹ ਹਰ ਐਪੀਸੋਡ ਲਈ ਸ਼ੋਅ ਦੇ ਮੇਕਰਸ ਤੋਂ 60-70 ਲੱਖ ਰੁਪਏ ਵਸੂਲਦਾ ਹੈ।
ਕੋਲਡ ਡਰਿੰਕ ਕੰਪਨੀ ਹੈਲਪਰ ਵਜੋਂ ਵੀ ਕੀਤਾ ਕੰਮ
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਨੰਦਿਤਾ ਦਾਸ ਦੀ ਫ਼ਿਲਮ 'ਜ਼ਵੀਗਾਟੋ' 'ਚ ਕਪਿਲ ਸ਼ਰਮਾ ਨੇ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ। ਕਪਿਲ ਸ਼ਰਮਾ ਦੀ ਇਸ ਫਿਲਮ 'ਚ ਫੂਡ ਡਿਲੀਵਰੀ ਕੰਪਨੀ ਦੇ ਡਿਲੀਵਰੀ ਬੁਆਏ ਵਾਲੇ ਵਿਅਕਤੀ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਪਰ ਅਸਲ ਜ਼ਿੰਦਗੀ ਵਿੱਚ ਵੀ ਉਹ ਅਜਿਹਾ ਕੰਮ ਕਰ ਚੁੱਕੇ ਹਨ।
ਕਪਿਲ ਨੇ ਦੱਸਿਆ ਸੀ ਕਿ ਮੈਂ ਇੱਕ ਕੋਲਡ ਡਰਿੰਕ ਕੰਪਨੀ 'ਚ ਹੈਲਪਰ ਵਜੋਂ ਵੀ ਕੰਮ ਕੀਤਾ ਹੈ। ਹੁਣ ਟੈਕਨਾਲੋਜੀ ਕਾਰਨ ਚੀਜ਼ਾਂ ਬਹੁਤ ਬਦਲ ਗਈਆਂ ਹਨ ਪਰ ਉਸ ਸਮੇਂ ਡਿਲੀਵਰੀ ਦਾ ਕੰਮ ਜ਼ਿਆਦਾ ਮੁਸ਼ਕਲ ਸੀ। ਕਪਿਲ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਅੱਜ ਉਹ ਕਰੋੜਾਂ ਦੇ ਘਰ ਅਤੇ ਲਗਜ਼ਰੀ ਕਾਰਾਂ ਦੇ ਨਾਲ-ਨਾਲ ਬੇਸ਼ੁਮਾਰ ਦੌਲਤ ਦੇ ਮਾਲਕ ਵੀ ਬਣ ਗਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕਪਿਲ ਕੋਲ 330 ਕਰੋੜ ਰੁਪਏ ਦੀ ਜਾਇਦਾਦ ਹੈ।