ਸਾਬਕਾ ਪਹਿਲਵਾਨ ਨਰਸਿੰਘ ਯਾਦਵ ਬਣਿਆ ਡਬਲਯੂ. ਐੱਫ. ਆਈ. ਐਥਲੀਟ ਕਮਿਸ਼ਨ ਦਾ ਮੁਖੀ

Wednesday, Apr 24, 2024 - 08:57 PM (IST)

ਸਾਬਕਾ ਪਹਿਲਵਾਨ ਨਰਸਿੰਘ ਯਾਦਵ ਬਣਿਆ ਡਬਲਯੂ. ਐੱਫ. ਆਈ. ਐਥਲੀਟ ਕਮਿਸ਼ਨ ਦਾ ਮੁਖੀ

ਵਾਰਾਣਸੀ, (ਭਾਸ਼ਾ)– ਰਾਸ਼ਟਰਮੰਡਲ ਖੇਡਾਂ ਦਾ ਸਾਬਕਾ ਸੋਨ ਤਮਗਾ ਜੇਤੂ ਨਰਸਿੰਘ ਪੰਚਮ ਯਾਦਵ ਬੁੱਧਵਾਰ ਨੂੰ ਇੱਥੇ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਐਥਲੀਟ ਕਮਿਸ਼ਨ ਦਾ ਮੁਖੀ ਚੁਣਿਆ ਗਿਆ, ਜਿਸ ਨਾਲ ਖੇਡ ਦੀ ਵਿਸ਼ਵ ਸੰਚਾਲਨ ਸੰਸਥਾ ਵੱਲੋਂ ਜ਼ਰੂਰੀ ਕੀਤੀ ਗਈ ਪ੍ਰਕਿਰਿਆ ਵੀ ਪੂਰੀ ਹੋ ਗਈ। ਕਮਿਸ਼ਨ ਦੇ 7 ਸਥਾਨਾਂ ਲਈ ਕੁਲ 8 ਦਾਅਵੇਦਾਰ ਦੌੜ ਵਿਚ ਸਨ ਤੇ ਵੋਟਿੰਗ ਤੋਂ ਬਾਅਦ 7 ਮੈਂਬਰਾਂ ਨੂੰ ਚੁਣਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਮਿਸ਼ਨ ਦੇ ਮੁਖੀ ਅਹੁਦੇ ਲਈ ਨਰਸਿੰਘ ਨੂੰ ਚੁਣਿਆ।

2016 ਓਲੰਪਿਕ ਤੋਂ ਪਹਿਲਾਂ ਟੀਮ ਦਾ ਮੈਂਬਰ ਨਰਸਿੰਘ ਉਦੋਂ ਸੁਰਖੀਆਂ ਵਿਚ ਆ ਗਿਆ ਸੀ ਜਦੋਂ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਉਸਦੇ ਵਿਰੁੱਧ ਇਕ ਟ੍ਰਾਇਲ ਮੁਕਾਬਲੇ ਦੀ ਅਪੀਲ ਕੀਤੀ ਸੀ ਜਦਕਿ ਉਹ ਸੱਟ ਕਾਰਨ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਨਹੀਂ ਖੇਡ ਸਕਿਆ ਸੀ। ਸੁਸ਼ੀਲ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਤੇ ਉਸਦੀ ਅਪੀਲ ਖਾਰਿਜ ਹੋਣ ਤੋਂ ਬਾਅਦ ਪੁਸ਼ਟੀ ਹੋ ਗਈ ਕਿ ਨਰਸਿੰਘ ਹੀ ਰੀਓ ਓਲੰਪਿਕ ਜਾਵੇਗਾ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਨਰਸਿੰਘ ਓਲੰਪਿਕ ਤੋਂ ਪਹਿਲਾਂ ਕਰਵਾਈ ਗਈ ਡੋਪਿੰਗ ਜਾਂਚ ਵਿਚ ਫੇਲ ਹੋ ਗਿਆ ਸੀ, ਜਿਸ ਨਾਲ ਖੇਡ ਪੰਚਾਟ ਨੇ ਉਸ ’ਤੇ 4 ਸਾਲ ਲਈ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਉਸ ਨੂੰ ਇਹ ਕਹਿੰਦੇ ਹੋਏ ਪਾਕ-ਸਾਫ ਕਰਾਰ ਦਿੱਤਾ ਸੀ ਕਿ ਉਹ ਸਾਜ਼ਿਸ਼ ਦੇ ਕਾਰਨ ਡੋਪ ਜਾਂਚ ਵਿਚ ਪਾਜ਼ੇਟਿਵ ਆਇਆ ਸੀ।

ਖੇਡ ਪੰਚਾਟ ਦਾ ਫੈਸਲਾ ਨਰਸਿੰਗ ਦੇ ਸ਼ੁਰੂਆਤੀ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਹੀ ਆਇਆ ਸੀ, ਜਿਸ ਨਾਲ ਉਹ ਰੀਓ ਤੋਂ ਬਿਨਾਂ ਖੇਡੇ ਹੀ ਵਾਪਸ ਪਰਤ ਆਇਆ ਸੀ। ਉਸਦੀ ਪਾਬੰਦੀ ਜੁਲਾਈ 2020 ਨੂੰ ਖਤਮ ਹੋਈ ਤੇ ਉਸ ਨੇ ਕਿਹਾ ਸੀ ਕਿ ਇਹ ਘਟਨਾਕ੍ਰਮ ਸਾਜ਼ਿਸ਼ ਦਾ ਹਿੱਸਾ ਸੀ।

ਐਥਲੀਟ ਕਮਿਸ਼ਨ ਲਈ ਚੁਣੇ ਗਏ ਹੋਰਨਾਂ ਮੈਂਬਰਾਂ ਵਿਚ ਸਾਹਿਲ (ਦਿੱਲੀ), ਸਮਿਤਾ ਏ. ਐੱਸ. (ਕੇਰਲਾ), ਭਾਰਤੀ ਭਾਘੇਈ (ਉੱਤਰੀ ਪ੍ਰਦੇਸ਼), ਖੁਸ਼ਬੂ ਐੱਸ. ਪਵਾਰ (ਗੁਜਰਾਤ), ਨਿੱਕੀ (ਹਰਿਆਣਾ) ਤੇ ਸ਼ਵੇਤਾ ਦੂਬੇ (ਬੰਗਾਲ) ਹਨ। ਖੇਡ ਦੀ ਕੌਮਾਂਤਰੀ ਸੰਸਥਾ ਯੂ. ਡਬਲਯੂ. ਡਬਲਯੂ. ਨੇ ਡਬਲਯੂ. ਏ. ਆਈ. ਦੀ ਪਾਬੰਦੀ ਹਟਾਉਂਦੇ ਹੋਏ ਕਿਹਾ ਸੀ ਕਿ ਸੰਜੇ ਸਿੰਘ ਦੀ ਅਗਵਾਈ ਵਾਲੇ ਰਾਸ਼ਟਰੀ ਸੰਘ ਲਈ ਪਹਿਲਵਾਨਾਂ ਦੀਆਂ ਸ਼ਿਕਾਇਤਾਂ ਨੂੰ ਨਜਿੱਠਣ ਲਈ ਐਥਲੀਟ ਕਮਿਸ਼ਨ ਗਠਿਤ ਕਰਨਾ ਜ਼ਰੂਰੀ ਹੋਵੇਗਾ।


author

Tarsem Singh

Content Editor

Related News