ਜਵਾਕ ਨੇ ਖੇਡ-ਖੇਡ 'ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ! ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ (ਵੀਡੀਓ)
Friday, Apr 26, 2024 - 11:42 AM (IST)
ਸ੍ਰੀ ਅਨੰਦਪੁਰ ਸਾਹਿਬ (ਚੌਵੇਸ਼ ਲਟਾਵਾ): ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ। ਇਸੇ ਦੀ ਇਕ ਤਾਜ਼ਾ ਮਿਸਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਵੇਖਣ ਨੂੰ ਮਿਲੀ ਜਿੱਥੇ ਇਕ ਜਵਾਕ ਨੇ 100 ਰੁਪਏ ਨਾਲ ਇਕ ਗੇਮ ਖੇਡੀ ਤੇ ਉਹ ਉਸ ਵਿਚੋਂ 3 ਕਰੋੜ ਰੁਪਏ ਜਿੱਤ ਗਿਆ। ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ 'ਤੇ ਸਥਿਤ ਪਿੰਡ ਜੰਡੋਰੀ ਦਾ ਇਕ ਸਧਾਰਨ ਪਰਿਵਾਰ ਜਿਸ ਦਾ ਮੁਖੀਆ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸ ਦੇ ਬੇਟੇ ਨੇ ਸਿਰਫ 100 ਰੁਪਏ ਖਰਚ ਕਰ ਮੋਬਾਇਲ 'ਤੇ ਡਰੀਮ 11 ਕ੍ਰਿਕਟ ਦੀ ਟੀਮ ਬਣਾਈ, ਜਿਸ ਨੇ ਇਸ ਸਧਾਰਨ ਪਰਿਵਾਰ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ। ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਕੋਲ ਹੁਣ ਕਰੋੜਾਂ ਰੁਪਈਆ ਹੈ।
ਇਹ ਖ਼ਬਰ ਵੀ ਪੜ੍ਹੋ - ਚੌਧਰੀ ਪਰਿਵਾਰ ਤੇ ਤਜਿੰਦਰ ਬਿੱਟੂ ਨੂੰ ਖ਼ਤਰਾ! ਕੇਂਦਰ ਸਰਕਾਰ ਨੇ ਦਿੱਤੀ Y Security
ਜਾਣਕਾਰੀ ਮੁਤਾਬਕ ਬਾਰ੍ਹਵੀਂ ਜਮਾਤ 'ਚ ਪੜ੍ਹਣ ਵਾਲੇ ਗੌਰਵ ਰਾਣਾ ਨੇ ਅਜੇ 10-11 ਦਿਨ ਪਹਿਲਾਂ ਹੀ ਡਰੀਮ ਇਲੈਵਨ 'ਤੇ ਖੇਡਣਾ ਸ਼ੁਰੂ ਕੀਤਾ ਸੀ। ਬੀਤੇ ਦਿਨੀਂ ਉਸ ਨੂੰ ਜਿੱਤ ਮਿਲੀ ਹੈ ਤੇ ਉਸ ਨੂੰ ਪਹਿਲੇ ਰੈਂਕ 'ਤੇ ਆਉਣ 'ਤੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲੇ ਹਨ। ਲੜਕੇ ਦਾ ਪਿਤਾ ਫੋਟੋਗ੍ਰਾਫਰ ਹੈ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜ਼ਰ-ਬਸਰ ਹੁੰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਪੈਸੇ ਦੀ ਤੰਗੀ ਹੋਣ ਕਾਰਨ ਜ਼ਰੂਰਤਾਂ ਦਾ ਵੀ ਗਲਾ ਘੁੱਟਣਾ ਪੈਂਦਾ ਸੀ, ਪਰ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ। ਪਰਿਵਾਰ 'ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਸਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਨੇ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਦੂਜੇ ਪੜਾਅ ਦੀ ਵੋਟਿੰਗ ਸ਼ੁਰੂ, ਨਿਰਮਲਾ ਸੀਤਾਰਮਨ ਨੇ ਵੀ ਪਾਈ ਵੋਟ
ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ 'ਤੇ ਯਕੀਨ ਹੀ ਨਹੀਂ ਹੋਇਆ। ਫਿਰ ਬਾਅਦ ਵਿਚ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਅਜੇ ਵੀ ਇਹ ਇਕ ਸੁਫ਼ਨਾ ਹੀ ਲੱਗ ਰਿਹਾ ਹੈ। ਛੋਟੀ ਉਮਰੇ ਬੱਚੇ ਦੀ ਐਡੀ ਲੰਬੀ ਛਲਾਂਗ ਨੂੰ ਵੇਖ ਕੇ ਪੂਰਾ ਜੰਡੋਰੀ ਪਿੰਡ ਹੱਕਾ-ਬੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8