ਇਹ ਹੈ 'ਹਿੱਟਮੈਨ' ਦੀ ਪਲਟਨ, ਜੋ ਭਾਰਤ ਨੂੰ ਬਣਾਏਗੀ ਵਿਸ਼ਵ ਚੈਂਪੀਅਨ, ਇਕ ਤਾਂ ਮੌਤ ਦੇ ਮੂੰਹ 'ਚੋਂ ਆਇਐ ਵਾਪਸ
Wednesday, May 01, 2024 - 05:32 AM (IST)
ਸਪੋਰਟਸ ਡੈਸਕ- ਅਮਰੀਕਾ ਤੇ ਵੈਸਟਇੰਡੀਜ਼ 'ਚ ਹੋਣ ਵਾਲੇ ਆਈ.ਸੀ.ਸੀ. ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ ਕਈ ਵੱਡੇ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹਰ ਭਾਰਤੀ ਨੂੰ ਉਮੀਦ ਹੈ ਕਿ ਜੋ ਪ੍ਰਦਰਸ਼ਨ ਟੀਮ ਨੇ ਸਾਲ 2023 ਦੇ ਵਨਡੇ ਵਿਸ਼ਵ ਕੱਪ ਦੌਰਾਨ ਦਿਖਾਇਆ ਸੀ, ਉਹੀ ਇਸ ਵਾਰ 20 ਓਵਰਾਂ ਦੇ ਟੂਰਨਾਮੈਂਟ 'ਚ ਦਿਖਾਵੇ ਤੇ ਟ੍ਰਾਫ਼ੀ ਲੈ ਕੇ ਹੀ ਘਰ ਪਰਤੇ। ਇਹ ਹਨ ਉਹ 'ਯੋਧੇ' ਜੋ ਭਾਰਤ ਨੂੰ ਇਕ ਵਾਰ ਫ਼ਿਰ ਤੋਂ ਵਿਸ਼ਵ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣਗੇ-
ਜਿਵੇਂ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੈਕਟਰੀ ਜੈ ਸ਼ਾਹ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਇਸ ਵੱਡੇ ਟੂਰਨਾਮੈਂਟ ਲਈ ਰੋਹਿਤ ਸ਼ਰਮਾ ਹੀ ਭਾਰਤੀ ਟੀਮ ਦੀ ਅਗਵਾਈ ਕਰਨਗੇ, ਇਸ ਲਈ ਐਲਾਨੀ ਗਈ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਹੀ ਸੌਂਪੀ ਗਈ ਹੈ, ਜਦਕਿ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਵਨਡੇ ਵਿਸ਼ਵ ਕੱਪ 2023 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਰੋਹਿਤ ਸ਼ਰਮਾ ਦੇ ਆਕਰਮਕ ਅੰਦਾਜ਼ ਦੀ ਹਰ ਕਿਸੇ ਨੇ ਤਾਰੀਫ਼ ਕੀਤੀ ਸੀ, ਪਰ ਨੂੰ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਪੂਰੇ ਦੇਸ਼ 'ਚ ਦੁੱਖ ਦਾ ਮਾਹੌਲ ਪਸਰ ਗਿਆ ਸੀ ਤੇ ਹਰ ਕਿਸੇ ਦੀ ਅੱਖ ਨਮ ਸੀ। ਕਪਤਾਨ ਰੋਹਿਤ ਸ਼ਰਮਾ ਨੂੰ ਤਾਂ ਮੈਦਾਨ 'ਤੇ ਹੀ ਰੋਂਦੇ ਹੋਏ ਦੇਖਿਆ ਗਿਆ ਸੀ। ਹੋਰ ਵੀ ਕਈ ਖਿਡਾਰੀ ਆਪਣੇ ਹੰਝੂ ਨਹੀਂ ਰੋਕ ਸਕੇ ਸਨ।
ਸਾਲ 2022 ਦੇ ਅੰਤ 'ਚ ਇਕ ਜਾਨਲੇਵਾ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਸ ਹਾਦਸੇ ਤੋਂ ਬਾਅਦ ਉਹ 1 ਸਾਲ ਤੋਂ ਵੀ ਵੱਧ ਸਮੇਂ ਤੋਂ ਖੇਡ ਮੈਦਾਨ ਤੋਂ ਦੂਰ ਰਿਹਾ ਸੀ ਤੇ ਇਸ ਸਾਲ ਆਈ.ਪੀ.ਐੱਲ. ਟੂਰਨਾਮੈਂਟ ਰਾਹੀਂ ਮੈਦਾਨ 'ਤੇ ਵਾਪਸੀ ਕਰ ਰਿਹਾ ਹੈ।
ਇਹ ਟੂਰਨਾਮੈਂਟ ਹੁਣ ਤੱਕ ਉਸ ਲਈ ਬਹੁਤ ਵਧੀਆ ਸਾਬਿਤ ਹੋਇਆ ਹੈ। ਮੈਦਾਨ 'ਤੇ ਪਰਤਦਿਆਂ ਹੀ ਉਸ ਨੇ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲਣ ਦੇ ਨਾਲ-ਨਾਲ 11 ਮੁਕਾਬਲਿਆਂ 'ਚ 44 ਤੋਂ ਵੀ ਵੱਧ ਦੀ ਔਸਤ ਨਾਲ 398 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 31 ਚੌਕੇ ਤੇ 24 ਛੱਕੇ ਲਗਾਏ ਹਨ। ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਉਹ 5ਵੇਂ ਸਥਾਨ 'ਤੇ ਕਾਬਜ਼ ਹੈ।
ਉਸ ਤੋਂ ਇਲਾਵਾ ਇਸ ਸਾਲ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਟੀ-20 ਟੂਰਨਾਮੈਂਟ 'ਚ ਸ਼ਾਮਲ ਨਾ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਪਰ ਉਸ ਨੇ ਆਈ.ਪੀ.ਐੱਲ. 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੋਣਕਰਤਾਵਾਂ ਨੂੰ ਆਪਣਾ ਫ਼ੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ।
ਉਸ ਨੇ ਹੁਣ ਤੱਕ ਆਈ.ਪੀ.ਐੱਲ. 2024 'ਚ 10 ਮੈਚ ਖੇਡੇ ਹਨ ਤੇ 71 ਦੀ ਔਸਤ ਨਾਲ ਸਭ ਤੋਂ ਵੱਧ 500 ਦੌੜਾਂ ਬਣਾਈਆਂ ਹਨ ਤੇ ਆਰੇਂਜ ਕੈਪ ਦੀ ਦੌੜ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਉਸ ਨੇ ਇਨ੍ਹਾਂ ਮੈਚਾਂ 'ਚ 46 ਚੌਕੇ ਤੇ 20 ਛੱਕੇ ਵੀ ਲਗਾਏ ਹਨ।
ਭਾਰਤੀ ਟੀਮ 'ਚ ਹਾਰਦਿਕ ਪੰਡਯਾ ਦੀ ਗੈਰ ਮੌਜੂਦਗੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਸ਼ਿਵਮ ਦੁਬੇ ਨੇ ਆਈ.ਪੀ.ਐੱਲ. 'ਚ ਵੀ ਧਮਾਕੇਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਚੇਨਈ ਵੱਲੋਂ ਖੇਡਦੇ ਹੋਏ ਹੁਣ ਤੱਕ ਉਸ ਨੇ 9 ਮੈਚਾਂ 'ਚ 58 ਦੀ ਔਸਤ ਨਾਲ 24 ਚੌਕਿਆਂ ਤੇ 26 ਛੱਕਿਆਂ ਦੀ ਬਦੌਲਤ 350 ਦੌੜਾਂ ਬਣਾਈਆਂ ਹਨ ਤੇ ਉਹ ਇਸ ਸਾਲ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ 9ਵੇਂ ਸਥਾਨ 'ਤੇ ਕਾਬਜ਼ ਹੈ।
ਇਸ ਸੀਜ਼ਨ ਆਪਣੀ ਬੱਲੇਬਾਜ਼ੀ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਵੀ ਟੀ-20 ਵਿਸ਼ਵ ਕੱਪ ਲਈ ਚੁਣਿਆ ਗਿਆ ਹੈ। ਉਸ ਨੇ ਆਈ.ਪੀ.ਐੱਲ. 2024 'ਚ ਰਾਜਸਥਾਨ ਦੀ ਕਮਾਨ ਸਾਂਭਦਿਆਂ 9 ਮੈਚਾਂ 'ਚ 36 ਚੌਕਿਆਂ ਤੇ 17 ਛੱਕਿਆਂ ਦੀ ਮਦਦ ਨਾਲ 385 ਦੌੜਾਂ ਬਣਾਈਆਂ ਹਨ। ਉਸ ਦੀ ਕਪਤਾਨੀ 'ਚ ਰਾਜਸਥਾਨ ਪਲੇਆਫ਼ 'ਚ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣਨ ਦੀ ਦਹਿਲੀਜ਼ 'ਤੇ ਖੜ੍ਹੀ ਹੈ।
ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਲੈੱਗ ਸਪਿਨਰ ਯੁਜਵਿੰਦਰ ਚਾਹਲ ਨੂੰ ਵੀ ਵਿਸ਼ਵ ਕੱਪ ਟੀਮ 'ਚ ਚੁਣਿਆ ਗਿਆ ਹੈ। ਉਸ ਨੇ ਵੀ ਆਈ.ਪੀ.ਐੱਲ. 2024 'ਚ ਰਾਜਸਥਾਨ ਵੱਲੋਂ ਖੇਡਦਿਆਂ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ ਤੇ 9 ਮੈਚਾਂ 'ਚ 13 ਵਿਕਟਾਂ ਲਈਆਂ ਹਨ।
ਪੰਜਾਬ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 'ਤੇ ਵੀ ਚੋਣਕਰਤਾਵਾਂ ਨੇ ਭਰੋਸਾ ਜਤਾਇਆ ਹੈ ਤੇ ਉਸ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਹੈ। ਆਈ.ਪੀ.ਐੱਲ. 'ਚ ਪੰਜਾਬ ਕਿੰਗਜ਼ ਵੱਲੋਂ ਖੇਡ ਰਹੇ ਅਰਸ਼ਦੀਪ ਨੇ 9 ਮੈਚਾਂ 'ਚ 12 ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ ਹੈ ਤੇ ਉਹ ਟੀਮ ਦੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਵੀ ਹੈ। ਉਸ ਨੂੰ ਡੈੱਥ ਓਵਰਾਂ 'ਚ ਗੇਂਦਬਾਜ਼ੀ ਕਰਨ ਦਾ ਸਪੈਸ਼ਲ਼ਿਸਟ ਮੰਨਿਆ ਜਾਣ ਲੱਗ ਪਿਆ ਹੈ।
ਹਾਲਾਂਕਿ ਭਾਰਤੀ ਟੀਮ ਦੇ ਉੱਭਰਦੇ ਸਿਤਾਰੇ ਤੇ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੂੰ ਚੋਣਕਰਤਾਵਾਂ ਨੇ 15 ਮੈਂਬਰੀਂ ਟੀਮ 'ਚ ਸ਼ਾਮਲ ਨਹੀਂ ਕੀਤਾ। ਪਰ ਉਸ ਨੂੰ ਰਾਖਵੇਂ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਰਾਖਵੇਂ ਭਾਵ ਰਿਜ਼ਰਵਡ ਖਿਡਾਰੀ ਉਨ੍ਹਾਂ ਖਿਡਾਰੀਆਂ ਨੂੰ ਕਿਹਾ ਜਾਂਦਾ ਹੈ, ਜੋ ਕਿ 15 ਮੈਂਬਰੀ ਟੀਮ ਦੇ ਕਿਸੇ ਖਿਡਾਰੀ ਦੇ ਜ਼ਖ਼ਮੀ ਹੋ ਜਾਣ ਜਾਂ ਕਿਸੇ ਕਾਰਨ ਨਾ ਖੇਡ ਸਕਣ 'ਤੇ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਲਿਸਟ 'ਚ ਰਿੰਕੂ ਸਿੰਘ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਸ਼ੁੱਭਮਨ ਗਿੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਆਵੇਸ਼ ਖ਼ਾਨ ਵੀ ਇਸ ਗਰੁੱਪ 'ਚ ਸ਼ਾਮਲ ਹਨ।
ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਭਾਰਤੀ ਟੀਮ- ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਰਿਜ਼ਰਵ ਖਿਡਾਰੀ- ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e