ਭਾਰਤ ਦਾ 17 ਸਾਲਾ ਗੁਕੇਸ਼ ਬਣਿਆ ਫਿਡੇਂ ਕੈਂਡੀਡੇਟਸ ਜੇਤੂ, ਬਣਾਇਆ ਵਿਸ਼ਵ ਰਿਕਾਰਡ

04/22/2024 7:42:06 PM

ਟੋਰਾਂਟੋ (ਕੈਨੇਡਾ), (ਨਿਕਲੇਸ਼ ਜੈਨ)– ਫਿਡੇ ਕੈਂਡੀਡੇਟਸ ਸ਼ਤੰਰਜ ਟੂਰਨਾਮੈਂਟ ਦੇ ਆਖਰੀ ਰਾਊਂਡ ਵਿਚ ਭਾਰਤ ਦੇ 17 ਸਾਲਾ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਆਖਿਰਕਾਰ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਵਿਚ ਇਹ ਖਿਤਾਬ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਗੁਕੇਸ਼ ਹੁਣ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਚੈਲੰਜਰ ਬਣ ਗਿਆ ਹੈ। ਗੁਕੇਸ਼ ਨੇ ਆਖਰੀ ਰਾਊਂਡ ਵਿਚ ਅੱਧੇ ਅੰਕ ਦੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਤੇ ਉਸਦੇ ਸਾਹਮਣੇ ਵਿਸ਼ਵ ਦਾ ਨੰਬਰ-3 ਖਿਡਾਰੀ ਯੂ. ਐੱਸ. ਏ. ਦਾ ਹਿਕਾਰੂ ਨਾਕਾਮੁਰਾ ਸੀ। ਕਾਲੇ ਮੋਹਰਿਆਂ ਨਾਲ ਖੇਡ ਰਹੇ ਗੁਕੇਸ਼ ਨੂੰ ਘੱਟ ਤੋਂ ਘੱਟ ਟਾਈਬ੍ਰੇਕ ਵਿਚ ਬਣੇ ਰਹਿਣ ਲਈ ਮੈਚ ਨੂੰ ਡਰਾਅ ’ਤੇ ਰੋਕਣ ਦੀ ਲੋੜ ਸੀ । ਕਿਊ. ਜੀ. ਏ. ਓਪਨਿੰਗ ਵਿਚ ਗੁਕੇਸ਼ ਨੇ ਨਾਕਾਮੁਰਾ ਨੂੰ ਖੇਡ ਵਿਚ ਕਦੇ ਵੀ ਬੜ੍ਹਤ ਨਹੀਂ ਬਣਾਉਣ ਦਿੱਤੀ ਤੇ ਸ਼ਾਨਦਾਰ ਐਂਡਗੇਮ ਦਿਖਾਉਂਦੇ ਹੋਏ 71 ਚਾਲਾਂ ਤਕ ਚੱਲੀ ਬਾਜ਼ੀ ਨੂੰ ਡਰਾਅ ਕਰਵਾ ਲਿਆ। ਹੁਣ ਗੇਂਦ ਯੂ. ਐੱਸ. ਏ. ਦੇ ਫਬਿਆਨੋ ਕਰੂਆਨਾ ਦੇ ਪਾਲੇ ਵਿਚ ਸੀ ਜਿਹੜਾ ਰੂਸ ਦੇ ਯਾਨ ਨੈਪੋਮਨਿਆਚੀ ਵਿਰੁੱਧ ਬਿਹਤਰ ਸਥਿਤੀ ਵਿਚ ਸੀ ਤੇ ਜਿੱਤ ਕੇ ਗੁਕੇਸ਼ ਨੂੰ ਟਾਈਬ੍ਰੇਕ ਵਿਚ ਚੁਣੌਤੀ ਦੇ ਸਕਦਾ ਸੀ ਪਰ ਉਹ ਅਜਿਹਾ ਕਰਨ ਵਿਚ ਅਸਫਲ ਰਿਹਾ ਤੇ ਉਸਦਾ ਮੈਚ 109 ਚਾਲਾਂ ਤਕ ਚੱਲਣ ਤੋਂ ਬਾਅਦ ਬੇਨਤੀਜਾ ਰਿਹਾ ਤੇ ਇਸ ਤਰ੍ਹਾਂ ਗੁਕੇਸ਼ 9 ਅੰਕਾਂ ਨਾਲ ਕੈਂਡੀਡੇਟ ਜੇਤੂ ਬਣ ਗਿਆ ਜਦਕਿ 8.5 ਅੰਕਾਂ ’ਤੇ ਟਾਈਬ੍ਰੇਕ ਦੇ ਆਧਾਰ ’ਤੇ ਨਾਕਾਮੂਰਾ ਦੂਜੇ, ਨੈਪੋਮਨਿਆਚੀ ਤੀਜੇ ਤੇ ਕਰੂਆਨਾ ਚੌਥੇ ਸਥਾਨ ’ਤੇ ਰਹੇ। ਆਖਰੀ ਰਾਊਂਡ ਜਿੱਤ ਕੇ 7 ਅੰਕਾਂ ਨਾਲ ਭਾਰਤ ਦਾ ਪ੍ਰਗਿਆਨੰਦਾ 5ਵੇਂ, ਵਿਦਿਤ 6 ਅੰਕਾਂ ਨਾਲ 6ਵੇਂ, ਅਲੀਰੇਜਾ ਫਿਰੌਜਾ 5 ਅੰਕਾਂ ਨਾਲ ਸੱਤਵੇਂ ਤੇ 3.5 ਅੰਕਾਂ ਨਾਲ ਅਬਾਸੋਵ ਆਖਰੀ ਸਥਾਨ ’ਤੇ ਰਿਹਾ। ਹੁਣ ਗੁਕੇਸ਼ ਇਸ ਸਾਲ ਦੇ ਅੰਤ ਵਿਚ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲੀਰੇਨ ਨੂੰ ਵਿਸ਼ਵ ਖਿਤਾਬ ਲਈ ਚੁਣੌਤੀ ਦੇਵੇਗਾ ਤੇ ਜੇਕਰ ਗੁਕੇਸ਼ ਵਿਸ਼ਵ ਚੈਂਪੀਅਨ ਬਣਿਆ ਤਾਂ ਉਹ 22 ਸਾਲ ਵਿਚ ਵਿਸ਼ਵ ਚੈਂਪੀਅਨ ਬਣਨ ਵਿਚ ਰੂਸ ਦੇ ਗੈਰੀ ਕਾਸਪਾਰੋਵ ਦਾ ਰਿਕਾਰਡ ਤੋੜ ਦੇਵੇਗਾ।

ਮਹਿਲਾ ਵਰਗ ਵਿਚ ਚੀਨ ਦੀ ਤਾਨ ਜਹੋਂਗਾਈ 9 ਅੰਕਾਂ ਨਾਲ ਜੇਤੂ ਬਣੀ ਪਰ ਭਾਰਤ ਦੀ ਕੋਨੇਰੂ ਹੰਪੀ ਨੇ ਆਖਰੀ ਰਾਊਂਡ ਵਿਚ ਚੀਨ ਦੀ ਲੇਈ ਟਿੰਗਜੇ ਨੂੰ ਹਰਾਉਂਦੇ ਹੋਏ 7.5 ਅੰਕਾਂ ਨਾਲ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਦੂਜਾ ਸਥਾਨ ਹਾਸਲ ਕੀਤਾ। ਇੰਨੇ ਹੀ ਅੰਕਾਂ ’ਤੇ ਟਿੰਗਜੇ ਤੀਜੇ ਅਤੇ ਆਖਰੀ ਰਾਊਂਡ ਵਿਚ ਰੂਸ ਦੀ ਲਾਗਨੋ ਕਾਟੇਰਯਨਾ ਨੂੰ ਹਰਾ ਕੇ ਭਾਰਤ ਦੀ ਆਰ. ਵੈਸ਼ਾਲੀ ਦੂਜੇ ਸਥਾਨ ’ਤੇ ਰਹੀ।

ਲੱਗਾ ਵਧਾਈਆਂ ਦਾ ਤਾਂਤਾ

‘‘ਭਾਰਤ ਨੂੰ ਫਿਡੇ ਕੈਂਡੀਡੇਟਸ ਟੂਰਨਾਮੈਂਟ ਜਿੱਤਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ ਡੀ. ਗੁਕੇਸ਼ ’ਤੇ ਮਾਣ ਹੈ। ਟੋਰਾਂਟੋ ਵਿਚ ਹੋਏ ਟੂਰਨਾਮੈਂਟ ਵਿਚ ਗੁਕੇਸ਼ ਦੀ ਸ਼ਾਨਦਾਰ ਉਪਲੱਬਧੀ ਉਸਦੀ ਅਸਾਧਾਰਨ ਪ੍ਰਤਿਭਾ ਤੇ ਸਮਰਪਣ ਦੀ ਮਿਸਾਲ ਹੈ। ਉਸਦੇ ਅਸਾਧਾਰਣ ਪ੍ਰਦਰਸ਼ਨ ਅਤੇ ਚੋਟੀ ਤਕ ਦੇ ਸਫਰ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਣਾ ਮਿਲੇਗੀ।’’

–ਨਰਿੰਦਰ ਮੋਦੀ, ਪ੍ਰਧਾਨ ਮੰਤਰੀ

‘‘ਡੀ. ਗੁਕੇਸ਼ ਨੂੰ ਸਭ ਤੋਂ ਨੌਜਵਾਨ ਚੈਲੰਜਰ ਬਣਨ ’ਤੇ ਵਧਾਈ। ਤੁਹਾਡੀ ਉਪਲੱਬਧੀ ’ਤੇ ਮਾਣ ਹੈ। ਮੈਨੂੰ ਨਿੱਜੀ ਤੌਰ ’ਤੇ ਤੁਹਾਡੇ ’ਤੇ ਮਾਣ ਹੈ, ਜਿਸ ਤਰ੍ਹਾਂ ਨਾਲ ਤੁਸੀਂ ਮੁਸ਼ਕਿਲ ਹਾਲਾਤ ਵਿਚ ਖੇਡੇ। ਇਸ ਪਲ ਦਾ ਮਜ਼ਾ ਲਓ।’’–ਵਿਸ਼ਵਨਾਥਨ ਆਨੰਦ

‘‘ਕੀ ਸ਼ਾਨਦਾਰ ਜਿੱਤ। 17 ਸਾਲ ਦੀ ਉਮਰ ਵਿਚ ਫਿਡੇ ਕੈਂਡੀਡੇਟਸ ਜਿੱਤਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ। ਇੱਥੋਂ ਹੁਣ ਵਿਸ਼ਵ ਚੈਂਪੀਅਨਸ਼ਿਪ ਦਾ ਸਫਰ ਤੇ ਹਰ ਕਦਮ ’ਤੇ ਅਸੀਂ ਤੁਹਾਡੇ ਨਾਲ ਹਾਂ। ਜਾਓ ਇਤਿਹਾਸ ਰਚ ਦਿਓ।’’–ਸਚਿਨ ਤੇਂਦੁਲਕਰ

‘‘ਡੀ. ਗੁਕੇਸ਼ ਨੂੰ ਸਭ ਤੋਂ ਨੌਜਵਾਨ ਚੈਲੰਜਰ ਬਣਨ ’ਤੇ ਵਧਾਈ।’’–ਕੋਨੇਰੂ ਹੰਪੀ


Tarsem Singh

Content Editor

Related News