ਕ੍ਰਿਕਟ ਆਸਟਰੇਲੀਆ ''ਬਲੈਕਮੇਲ'' ਕਰ ਰਿਹਾ ਸੀ : BCCI
Friday, Apr 26, 2019 - 08:40 PM (IST)
ਨਵੀਂ ਦਿੱਲੀ— ਆਸਟਰੇਲੀਆਈ ਮਹਿਲਾ ਕ੍ਰਿਕਟਰਾਂ ਨੂੰ ਉਸਦੇ ਬੋਰਡ ਨੇ ਬੀ. ਸੀ. ਸੀ. ਆਈ. ਦੇ ਨਾਲ ਪੁਰਸ਼ ਦੋ-ਪੱਖੀ ਲੜੀ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਅਗਲੇ ਮਹੀਨੇ ਹੋਣ ਵਾਲੇ ਮਹਿਲਾਵਾਂ ਦੇ ਟੀ-20 ਚੈਲੰਜ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ। ਭਾਰਤੀ ਬੋਰਡ ਦਾ ਕਹਿਣਾ ਹੈ ਕਿ ਕ੍ਰਿਕਟ ਆਸਟਰੇਲੀਆ 'ਬਲੈਕਮੇਲ' ਕਰ ਰਿਹਾ ਸੀ। ਆਸਟਰੇਲੀਆ ਦੀਆਂ ਤਿੰਨ ਖਿਡਾਰਨਾਂ ਮੇਗ ਲੈਨਿੰਗ, ਐਲਿਸੀ ਪੈਰੀ ਤੇ ਐਲਿਸਾ ਹੀਲੀ ਨੇ ਮਹਿਲਾ ਆਈ. ਪੀ. ਐੱਲ. ਵਿਚ ਹਿੱਸਾ ਲੈਣਾ ਸੀ ਪਰ ਕ੍ਰਿਕਟ ਆਸਟਰੇਲੀਆ ਨੇ ਉਸ ਨੂੰ ਰੋਕ ਦਿੱਤਾ। ਇਸ ਟੂਰਨਾਮੈਂਟ ਦੇ ਮੈਚ 6 ਤੋਂ 11 ਮਈ ਵਿਚਾਲੇ ਜੈਪੁਰ ਵਿਚ ਖੇਡੇ ਜਾਣਗੇ।
ਕ੍ਰਿਕਟ ਆਸਟਰੇਲੀਆ ਦੀ ਚੋਟੀ ਦੀ ਅਧਿਕਾਰੀ ਬੇਲਿੰਡਾ ਕਲਾਰਕ (ਸਾਬਕਾ ਕਪਤਾਨ) ਦੀ ਈਮੇਲ ਰਾਹੀਂ ਖੁਲਾਸਾ ਹੁੰਦਾ ਕਿ ਇਨ੍ਹਾਂ ਤਿੰਨਾਂ ਨੂੰ ਰੋਕਣਾ ਪੁਰਸ਼ ਵਨ ਡੇ ਲੜੀ ਟਾਲਣ ਲਈ ਦਬਾਅ ਦੀ ਰਣਨੀਤੀ ਹੈ। ਬੀ. ਸੀ. ਸੀ. ਆਈ. ਨੇ ਮਹਿਲਾ ਖਿਡਾਰੀਆਂ ਨੂੰ ਮਨਜ਼ੂਰੀ ਦੇਣ ਲਈ ਸ਼ਰਤਾਂ ਰੱਖਣ 'ਤੇ ਕ੍ਰਿਕਟ ਆਸਟਰੇਲੀਆ ਦੀ ਆਲੋਚਨਾ ਕੀਤੀ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਜੇਕਰ ਤੁਸੀਂ ਬੇਲਿੰਡਾ ਦੇ ਪੱਤਰ ਨੂੰ ਦੇਖੋ ਤਾਂ ਸਪੱਸ਼ਟ ਹੈ ਕਿ ਉਹ ਬਲੈਕਮੇਲ ਦੀ ਰਣਨੀਤੀ ਅਪਣਾ ਰਹੇ ਹਨ। ਮਹਿਲਾ ਖਿਡਾਰੀਆਂ ਨੂੰ ਮਨਜ਼ੂਰੀ ਦੇਣ ਨੂੰ ਕਿਵੇਂ ਪੁਰਸ਼ ਲੜੀ ਨਾਲ ਜੋੜਿਆ ਜਾ ਸਕਦਾ ਹੈ। ਇਹ ਐੱਫ. ਟੀ. ਪੀ. ਵਿਚ ਸਵੀਕਾਰ ਕੀਤਾ ਗਿਆ ਹੈ ਤੇ ਹੁਣ ਉਹ ਉਸ ਤੋਂ ਪਿੱਛੇ ਹਟ ਰਹੇ ਹਨ।''
