ਅਮਰੀਕਾ ''ਚ ਪੰਜਾਬੀ ਮੁੰਡੇ ਦਾ ਕਤਲ! ਪੁੱਤ ਨੂੰ ਅਖ਼ੀਰਲੀ ਵਾਰ ਵੇਖਣ ਨੂੰ ਵੀ ਤਰਸ ਰਿਹਾ ਪਰਿਵਾਰ

Friday, May 01, 2026 - 02:10 PM (IST)

ਅਮਰੀਕਾ ''ਚ ਪੰਜਾਬੀ ਮੁੰਡੇ ਦਾ ਕਤਲ! ਪੁੱਤ ਨੂੰ ਅਖ਼ੀਰਲੀ ਵਾਰ ਵੇਖਣ ਨੂੰ ਵੀ ਤਰਸ ਰਿਹਾ ਪਰਿਵਾਰ

ਖੰਨਾ (ਵਿਪਨ): ਖੰਨਾ ਦੇ ਪਿੰਡ ਘਣਗਸ ਦੇ ਨੌਜਵਾਨ ਮਹਿਕ ਸਿੰਘ (29) ਦੀ ਅਮਰੀਕਾ 'ਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। 

ਜਾਣਕਾਰੀ ਮੁਤਾਬਕ, ਮਹਿਕ ਸਿੰਘ ਦੀ ਮੌਤ 21 ਅਪ੍ਰੈਲ ਦੀ ਰਾਤ ਨੂੰ ਹੋਈ ਸੀ ਤੇ ਪਰਿਵਾਰ ਨੂੰ 22 ਅਪ੍ਰੈਲ ਦੀ ਸਵੇਰ ਨੂੰ ਫ਼ੋਨ ਰਾਹੀਂ ਇਸ ਦੀ ਸੂਚਨਾ ਮਿਲੀ। ਪਰਿਵਾਰ ਕੋਲ ਇੰਨੇ ਪੈਸੇ  ਵੀ ਨਹੀਂ ਹਨ ਕਿ ਮਹਿਕ ਦੀ ਲਾਸ਼ ਭਾਰਤ ਲਿਆ ਕੇ ਜੱਦੀ ਪਿੰਡ ਵਿਚ ਅੰਤਿਮ ਸੰਸਕਾਰ ਕਰ ਸਕਣ। ਮਹਿਕ ਦੇ ਪਿਤਾ ਉਦੈ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2024 ਨੂੰ ਉਨ੍ਹਾਂ ਦਾ ਬੇਟਾ ਕੈਨੇਡਾ ਗਿਆ ਸੀ। ਕੁੱਝ ਸਮੇਂ ਮਗਰੋਂ ਮਹਿਕ ਅਮਰੀਕਾ ਚਲਾ ਗਿਆ ਸੀ ਤੇ ਅਮਰੀਕਾ ਦੇ ਇਕ ਸਟੋਰ 'ਚ ਕੰਮ ਕਰਦਾ ਸੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਾਸ਼ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ। 

ਉਦੈ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਨੂੰ ਉਨ੍ਹਾਂ ਦੀ ਮਹਿਕ ਨਾਲ ਗੱਲਬਾਤ ਹੋਈ ਸੀ। ਉਹ ਬਿਲਕੁਲ ਠੀਕ-ਠਾਕ ਸੀ। ਮਹਿਕ ਦੀ ਭੂਆ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ 21 ਅਪ੍ਰੈਲ ਨੂੰ ਵੀ ਮਹਿਕ ਨਾਲ ਗੱਲਬਾਤ ਹੋਈ ਸੀ ਤੇ ਉਹ ਬਿਲਕੁਲ ਠੀਕ-ਠਾਕ ਸੀ। ਉਸ ਨੇ ਲਾਇਸੰਸ ਬਣਾਉਣਾ ਸੀ ਤੇ ਇਸ ਬਾਰੇ ਹੀ ਗੱਲ ਕਰਦਾ ਸੀ। ਇਕ ਹੋਰ ਰਿਸ਼ਤੇਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਮਦਨੀਪੁਰ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਪਹੁੰਚੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।


author

Anmol Tagra

Content Editor

Related News