ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ

Friday, Apr 24, 2026 - 11:37 PM (IST)

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰਿਹਾ ਬਲੈਕਆਊਟ

ਵੈੱਬ ਡੈਸਕ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ 2026 ਨੂੰ ਰਾਤ 8:00 ਵਜੇ ਪੂਰੇ ਪੰਜਾਬ 'ਚ ਇੱਕ ਵਿਸ਼ੇਸ਼ 'ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ' ਮੌਕ ਐਕਸਰਸਾਈਜ਼ (ਅਭਿਆਸ) ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬਲੈਕਆਊਟ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆ ਵਿਚ ਕੀਤਾ ਗਿਆ। 

ਮੋਗਾ 'ਚ ਮੌਕ ਡ੍ਰਿਲ ਅਤੇ ਬਲੈਕਆਊਟ
ਮੋਗਾ ਵਿੱਚ ਅੱਜ ਰਾਤ ਮੌਕ ਡ੍ਰਿੱਲ ਦਾ ਆਯੋਜਨ ਕੀਤਾ ਗਿਆ। ਇਹ ਮੌਕ ਡ੍ਰਿੱਲ ਰਾਤ 8 ਵਜੇ ਸ਼ੁਰੂ ਹੋਈ, ਜਿਸ ਦੌਰਾਨ 2 ਮਿੰਟ ਲਈ ਸਾਇਰਨ ਵਜਾਇਆ ਗਿਆ ਅਤੇ ਕੁੱਲ 15 ਮਿੰਟ ਲਈ ਬਲੈਕਆਉਟ ਕੀਤਾ ਗਿਆ, ਅਰਥਾਤ ਬਿਜਲੀ ਬੰਦ ਰੱਖੀ ਗਈ। ਇਹ ਅਭਿਆਸ ਪੂਰੇ ਜ਼ਿਲ੍ਹੇ ਵਿੱਚ ਨਹੀਂ ਕੀਤਾ ਗਿਆ, ਸਗੋਂ ਕੇਵਲ ਮੋਗਾ ਦੇ ਪਾਸ਼ ਇਲਾਕੇ ਵਿਸ਼ਾਲ ਮੇਗਾ ਮਾਰਟ ਵਿੱਚ ਹੀ ਕਰਵਾਇਆ ਗਿਆ।

ਇਸ ਮੌਕੇ ਐਸ.ਡੀ.ਐਮ. ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਇਸ ਮੌਕ ਡ੍ਰਿੱਲ ਦਾ ਮਕਸਦ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੁਲਸ, ਹਸਪਤਾਲ, ਫਾਇਰ ਬ੍ਰਿਗੇਡ ਅਤੇ ਰੈਸਕਿਊ ਟੀਮਾਂ ਦੀ ਤਿਆਰੀਆਂ ਦੀ ਜਾਂਚ ਕਰਨਾ ਹੈ।

ਫਾਜ਼ਿਲਕਾ ਵਿੱਚ 10 ਮਿੰਟ ਦਾ ਬਲੈਕਆਉਟ
ਫਾਜ਼ਿਲਕਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਤ 8 ਵਜੇ 10 ਮਿੰਟ ਦਾ ਬਲੈਕਆਉਟ ਕੀਤਾ ਗਿਆ, ਜਿਸ ਦੌਰਾਨ ਪੂਰੇ ਸ਼ਹਿਰ ਦੀਆਂ ਬੱਤੀਆਂ ਬੰਦ ਰੱਖੀਆਂ ਗਈਆਂ। ਡੀਸੀ ਦਫ਼ਤਰ ਸਾਹਮਣੇ ਸਿਵਿਲ ਡਿਫੈਂਸ ਵੱਲੋਂ ਮੌਕ ਡ੍ਰਿੱਲ ਕਰਕੇ ਐਮਰਜੈਂਸੀ ਹਾਲਾਤਾਂ ਵਿੱਚ ਰੈਸਕਿਊ ਤੇ ਸੁਰੱਖਿਆ ਦੇ ਤਰੀਕੇ ਦਰਸਾਏ ਗਏ। ਇਸ ਦੌਰਾਨ ਫਾਇਰ ਬ੍ਰਿਗੇਡ ਕਰਮਚਾਰੀ ਕੁਝ ਸਮੇਂ ਲਈ ਪਾਣੀ ਛੱਡਣਾ ਭੁੱਲ ਗਿਆ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਐਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਹ ਅਭਿਆਸ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਿਭਾਗਾਂ ਦੀ ਤਿਆਰੀ ਜਾਂਚਣ ਲਈ ਕੀਤਾ ਗਿਆ ਹੈ।

ਕਪੂਰਥਲਾ ਵਿੱਚ ਬਲੈਕਆਉਟ ਅਤੇ ਮੌਕ ਡ੍ਰਿੱਲ
ਕਪੂਰਥਲਾ ਦੀ ਪੁਰਾਣੀ ਕਚਹਿਰੀ ਵਿੱਚ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਿਵਿਲ ਡਿਫੈਂਸ ਵੱਲੋਂ ‘ਏਅਰ ਰੇਡ’ ਅਤੇ ‘ਬਲੈਕਆਉਟ’ ਮੌਕ ਡ੍ਰਿੱਲ ਕਰਵਾਈ ਗਈ। ਰਾਤ 8 ਵਜੇ ਸਾਇਰਨ ਨਾਲ ਸ਼ੁਰੂ ਹੋਈ ਡ੍ਰਿੱਲ ਦੌਰਾਨ ਨਿਰਧਾਰਿਤ ਖੇਤਰ ਦੀ ਬਿਜਲੀ ਬੰਦ ਕੀਤੀ ਗਈ। ਇਸ ਦੌਰਾਨ ਅੱਗ ਬੁਝਾਉਣ, ਰੈਸਕਿਊ ਅਤੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦਾ ਅਭਿਆਸ ਕੀਤਾ ਗਿਆ। ਡ੍ਰਿੱਲ ਵਿੱਚ ਐਨਸੀਸੀ, ਸਿਹਤ ਵਿਭਾਗ, ਪੁਲਸ ਅਤੇ ਸਿਵਿਲ ਡਿਫੈਂਸ ਦੇ ਕਰਮਚਾਰੀਆਂ ਨੇ ਭਾਗ ਲਿਆ। ਅੰਤ ਵਿੱਚ ‘ਆਲ ਕਲੀਅਰ’ ਸਾਇਰਨ ਨਾਲ ਅਭਿਆਸ ਸੰਪੰਨ ਹੋਇਆ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਬਜਾਏ ਇਨ੍ਹਾਂ ਅਭਿਆਸਾਂ ਤੋਂ ਸਿੱਖਣ ਦੀ ਲੋੜ ਹੈ।

ਗੁਰਦਾਸਪੁਰ ਜ਼ਿਲ੍ਹੇ ਵਿੱਚ ਬਲੈਕਆਉਟ 
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਲੈਕਆਉਟ ਦੌਰਾਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬੰਦ ਰੱਖੀ ਗਈ। ਹਾਲਾਂਕਿ ਇਸ ਦਾ ਸੜਕੀ ਆਵਾਜਾਈ ‘ਤੇ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ। ਉੱਧਰ ਦੁਕਾਨਦਾਰਾਂ ਅਤੇ ਗੁਰਦਾਸਪੁਰ ਵਾਸੀਆਂ ਨੇ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਰਹਿਣ ਕਰਕੇ ਲੋਕਾਂ ਨੂੰ ਪਿਛਲੇ ਸਾਲ ਦੇ ਮੌਕ ਡ੍ਰਿੱਲ ਦੇ ਸਮੇਂ ਵਾਲੇ ਹਾਲਾਤ ਯਾਦ ਹਨ। ਭਾਵੇਂ ਇਸ ਵਾਰ ਹਾਲਾਤ ਕਾਫ਼ੀ ਹੱਦ ਤੱਕ ਸਧਾਰਣ ਹਨ, ਫਿਰ ਵੀ ਲੋਕਾਂ ਦੇ ਮਨ ਵਿੱਚ ਕੁਝ ਨਾ ਕੁਝ ਡਰ ਮੌਜੂਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਬਲੈਕਆਉਟ ਨਾਲ ਉਨ੍ਹਾਂ ਦੇ ਕਾਰੋਬਾਰ ‘ਤੇ ਵੀ ਅਸਰ ਪੈਂਦਾ ਹੈ।

ਫਤਹਿਗੜ੍ਹ ਸਾਹਿਬ ਵਿੱਚ ਮਾਡਰਨ ਵੈਲੀ ਵਿਖੇ ਕਰਵਾਈ ਗਈ ਮੌਕ ਡਰਿਲ
ਫਤਿਹਗੜ੍ਹ ਸਾਹਿਬ ਦੇ ਮਾਡਰਨ ਵੈਲੀ ਏਰੀਏ ਵਿੱਚ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਕਰਵਾਈ ਗਈ। ਅਭਿਆਸ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਇਆ ਅਤੇ ਨਿਰਧਾਰਤ ਇਲਾਕੇ ਦੀ ਬਿਜਲੀ ਕੁਝ ਸਮੇਂ ਲਈ ਬੰਦ ਰੱਖੀ ਗਈ। ਇਸ ਦੌਰਾਨ ਅੱਗ ਬੁਝਾਉਣ, ਖੋਜ ਤੇ ਰਾਹਤ ਕਾਰਜਾਂ ਅਤੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੀ ਰਿਹਰਸਲ ਕੀਤੀ ਗਈ। ਟ੍ਰੈਫਿਕ ਪੁਲਸ ਵੱਲੋਂ ਆਵਾਜਾਈ ਕੰਟਰੋਲ ਕਰਨ ਦੇ ਉਪਾਵਾਂ ਦਾ ਵੀ ਅਭਿਆਸ ਕੀਤਾ ਗਿਆ। ਇਸ ਮੌਕੇ ਐਨਸੀਸੀ, ਸਿਹਤ ਵਿਭਾਗ ਅਤੇ ਪੁਲਸ ਦੇ ਅਧਿਕਾਰੀਆਂ ਨੇ ਭਾਗ ਲਿਆ। ਅਧਿਕਾਰੀਆਂ ਮੁਤਾਬਕ, ਅਜਿਹੇ ਅਭਿਆਸ ਐਮਰਜੈਂਸੀ ਹਾਲਾਤਾਂ ਵਿੱਚ ਨੁਕਸਾਨ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਫਿਰੋਜ਼ਪੁਰ ਵਿੱਚ ਮੌਕ ਡ੍ਰਿੱਲ ਦੌਰਾਨ ਬਲੈਕਆਉਟ 
ਫਿਰੋਜ਼ਪੁਰ ਵਿੱਚ ਸਿਵਲ ਡਿਫੈਂਸ ਵੱਲੋਂ ਮੌਕ ਡ੍ਰਿੱਲ ਦੌਰਾਨ ਬਲੈਕਆਉਟ ਕੀਤਾ ਗਿਆ। ਡ੍ਰਿੱਲ ਦੌਰਾਨ ਸਾਇਰਨ ਵੱਜਦੇ ਹੀ ਲੋਕਾਂ ਨੂੰ ਜ਼ਮੀਨ ‘ਤੇ ਲੇਟ ਕੇ ਆਪਣੀ ਸੁਰੱਖਿਆ ਕਰਦੇ ਵੇਖਿਆ ਗਿਆ। ਇਹ ਅਭਿਆਸ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ। ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡੈਂਟ ਅਤੇ ਵਲੰਟੀਅਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਸਾਵਧਾਨ ਰਹਿਣ ਦੀ ਅਪੀਲ ਕੀਤੀ।

ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਕਰਵਾਈ ਗਈ ਮੌਕ ਡ੍ਰਿੱਲ 
ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਮੌਕ ਡ੍ਰਿੱਲ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਡ੍ਰਿੱਲ ਦੌਰਾਨ ਰੇਲਵੇ, ਪੁਲਸ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਨੇ ਮਿਲਜੁਲ ਕੇ ਰੈਸਕਿਊ, ਮੈਡੀਕਲ ਸਹਾਇਤਾ ਅਤੇ ਅੱਗ ਬੁਝਾਉਣ ਦੀ ਕਾਰਵਾਈ ਦਾ ਅਭਿਆਸ ਕੀਤਾ। ਇਸਦਾ ਮਕਸਦ ਵਿਭਾਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਸੀ। ਅਧਿਕਾਰੀਆਂ ਮੁਤਾਬਕ ਸਾਰੇ ਵਿਭਾਗਾਂ ਨੇ ਸਮੇਂ ਸਿਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ। ਇਸਦੇ ਨਾਲ ਹੀ ਸ਼ਹਿਰ ਵਿੱਚ ਰਾਤ 8 ਵਜੇ ਤੋਂ 8:10 ਵਜੇ ਤੱਕ ਬਲੈਕਆਊਟ ਵੀ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਅਭਿਆਸ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਕੋਟਕਪੂਰਾ ਵਿੱਚ ਕਰਵਾਈ ਗਈ ਮੌਕ ਡ੍ਰਿੱਲ
ਕੋਟਕਪੂਰਾ ਦੇ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਡਿਫੈਂਸ ਦੀ ਅਗਵਾਈ ਹੇਠ ਏਅਰ ਰੇਡ ਮੌਕ ਡ੍ਰਿੱਲ ਕਰਵਾਈ ਗਈ। ਇਸ ਦੌਰਾਨ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਬਾਰੇ ਜਾਗਰੂਕ ਕਰਨ ਲਈ ਕੁਝ ਸਮੇਂ ਲਈ ਬਲੈਕਆਉਟ ਵੀ ਕੀਤਾ ਗਿਆ। ਡ੍ਰਿੱਲ ਵਿੱਚ ਐਨਡੀਆਰਐਫ, ਪੰਜਾਬ ਹੋਮ ਗਾਰਡ, ਐਨਸੀਸੀ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਭਾਗ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਮਕਸਦ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੁਰੱਖਿਆ ਬਾਰੇ ਸਚੇਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਡ੍ਰਿੱਲਾਂ ਨਾਲ ਜਾਨ-ਮਾਲ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।


 


author

Inder Prajapati

Content Editor

Related News