ਅੰਮ੍ਰਿਤਸਰ: ਧੜੱਲੇ ਨਾਲ ਚੱਲ ਰਿਹਾ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਧੰਦਾ, ਅਪਰਾਧਿਕ ਅਨਸਰਾਂ ਨੂੰ ਨਹੀਂ ਰਿਹਾ ਪੁਲਸ ਦਾ ਖੌਫ
Saturday, Apr 25, 2026 - 10:53 AM (IST)
ਅੰਮ੍ਰਿਤਸਰ (ਜਸ਼ਨ, ਅਵਧੇਸ਼)- ਗੁਰੂ ਨਗਰੀ ’ਚ ਕਮਿਸ਼ਨਰੇਟ ਪੁਲਸ ਇਕ ਪਾਸੇ ਤਾਂ ਸ਼ਹਿਰ ’ਚ ਨਸ਼ੇ ਅਤੇ ਜਿਸਮ ਫ਼ਿਰੋਸ਼ੀ ਦੇ ਧੰਦੇ ’ਤੇ ਨਕੇਲ ਕੱਸਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਜਦੋਂ ਤੋਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਕਮਿਸ਼ਨਰੇਟ ਪੁਲਸ ’ਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਆਏ ਦਿਨ ਹੀ ਉਹ ਖ਼ੁਦ ਆਪ੍ਰੇਸ਼ਨਾਂ ਦੀ ਅਗਵਾਈ ਕਰ ਕੇ ਨਸ਼ਿਆਂ ਤੇ ਹਥਿਆਰਾਂ ਦੀਆਂ ਕਈ ਖੇਪਾਂ ਫੜ ਰਹੇ ਹਨ ਪਰ ਦੂਜੇ ਪਾਸੇ ਪੁਲਸ ’ਚ ਅਜੇ ਵੀ ਕੁਝ ਅਧਿਕਾਰੀ (ਐੱਸ. ਐੱਚ. ਓ.) ਅਜਿਹੇ ਹਨ, ਜਿਨ੍ਹਾਂ ਕੋਲ ਕੰਮ ਦਾ ਜ਼ਿਆਦਾ ਤੁਜ਼ਰਬਾ ਨਹੀਂ ਹੈ ਪਰ ਉਨ੍ਹਾਂ ਨੂੰ ਵੱਡੇ ਥਾਣੇ ਅਲਾਟ ਕਰ ਦਿੱਤੇ ਗਏ ਹਨ, ਜੋ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਜਾਪਦੀ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਅਜਿਹੇ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤਾਂ ਸ਼ੁਰੂ-ਸ਼ੁਰੂ ’ਚ ਉਹ ਖ਼ਾਸ ਤੌਰ ’ਤੇ ਸਰਗਰਮ ਹੋ ਕੇ ਕਈ ਮਾਮਲੇ ਦਰਜ ਕਰਦੇ ਹਨ ਪਰ ਫਿਰ ਕੁਝ ਸਮਾਂ ਬੀਤ ਜਾਣ ’ਤੇ ਉਹ ਚੁੱਪੀ ਧਾਰ ਲੈਂਦੇ ਹਨ। ਇਸ ਤੋਂ ਸਾਫ਼ ਹੈ ਕਿ ਅੰਦਰਖਾਤੇ ਉਨ੍ਹਾਂ ਦੀ ਅਪਰਾਧਿਕ ਅਨਸਰਾਂ ਨਾਲ ਚੰਗੀ ‘ਅੰਡਰਸਟੈਂਡਿੰਗ’ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਨਸ਼ਿਆਂ ’ਚ ਚੂਰ ਹੋਣ ਦੀਆਂ ਵੀਡੀਓਜ਼ ਵਾਇਰਲ
ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦਾ ਕੋਈ ਵੀ ਇਲਾਕਾ ਹੋਵੇ , ਹਰ ਪਾਸੇ ਹੀ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪੁਲਸ ਦੀ ਨੱਕ ਹੇਠ ਹੀ ਵਾਪਰ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਆਏ ਦਿਨ ਹੀ ਨੌਜਵਾਨ ਮੁੰਡੇ-ਕੁੜੀਆਂ ਦੇ ਨਸ਼ੇ ’ਚ ਚੂਰ ਹੋ ਕੇ ਝੂਮਣ ਦੀਆਂ ਵੀਡੀਓਜ਼ ਵਾਇਰਲ ਹੋਣਾ ਇਸ ਦਾ ਮੁੱਖ ਸਬੂਤ ਹੈ। ਇਹ ਸਥਿਤੀ ਦਰਸਾਉਂਦੀ ਹੈ ਕਿ ਨਸ਼ਿਆਂ ਨੇ ਕਿਵੇਂ ਨੌਜਵਾਨ ਵਰਗ ਨੂੰ ਆਪਣੇ ਅਧੀਨ ਕਰ ਲਿਆ ਹੈ। ਹਾਲਾਂਕਿ ਸਰਕਾਰ ਨਸ਼ੇ ਦੀ ਲਤ ਖ਼ਤਮ ਕਰਨ ਲਈ ਵੱਡੇ ਪੱਧਰ ’ਤੇ ਯਤਨ ਕਰ ਰਹੀ ਹੈ ਪਰ ਸਮੇਂ ਦੇ ਨਾਲ ਸਨੈਕ, ਚਿੱਟਾ ਅਤੇ ਟੀਕਿਆਂ ਦੀ ਵਿਕਰੀ ’ਚ ਭਾਰੀ ਵਾਧਾ ਹੋਇਆ ਹੈ। ਪਹਿਲਾਂ ਅਨਗੜ੍ਹ ਖੇਤਰ ਨੂੰ ਨਸ਼ੇ ਦੀ ਮੰਡੀ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਤਾਂ ਸ਼ਹਿਰ ਦੇ ਹਰ ਇਲਾਕੇ ’ਚ ਲੱਗਭਗ ਇਹੀ ਹਾਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਬੱਸ ਅੱਡੇ ਤੇ ਰਾਮਬਾਗ ਇਲਾਕੇ ਦੇ ਆਲੇ-ਦੁਆਲੇ ਨਾਜਾਇਜ਼ ਸ਼ਰਾਬ ਦਾ ਬੋਲਬਾਲਾ
ਸ਼ਹਿਰ ਦੇ ਕਈ ਇਲਾਕਿਆਂ ’ਚ ਨਸ਼ਿਆਂ ਅਤੇ ਜਿਸਮ ਫ਼ਿਰੋਸ਼ੀ ਦਾ ਧੰਦਾ ਕਾਫ਼ੀ ਵੱਡੇ ਪੱਧਰ ’ਤੇ ਅੰਦਰਖਾਤੇ ਚੱਲ ਰਿਹਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਪੁਲਸ ਇਸ ਬਾਰੇ ਭਲੀ-ਭਾਂਤ ਜਾਣੂ ਹੈ ਪਰ ਇਸ ਦੇ ਬਾਵਜੂਦ ਕਾਰਵਾਈ ਨਾ ਕਰਨਾ ਉਸ ਦੀ ਕਾਰਜਪ੍ਰਣਾਲੀ ਨੂੰ ਸ਼ੱਕ ਦੇ ਘੇਰੇ ’ਚ ਲਿਆਉਂਦਾ ਹੈ। ਬੱਸ ਅੱਡੇ ਤੇ ਰਾਮਬਾਗ ਇਲਾਕੇ ਦੇ ਆਲੇ-ਦੁਆਲੇ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਖ਼ੂਬ ਫ਼ਲ-ਫ਼ੁਲ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਇਲਾਕੇ ਦੇ ਹੋਟਲਾਂ ’ਚ ਚੱਲ ਰਿਹਾ ਜਿਸਮ ਫਿਰੋਸ਼ੀ ਦਾ ਗੋਰਖਧੰਦਾ
ਚੌਕ ਪਰਾਗਦਾਸ, ਸ਼ੇਰਾਂ ਵਾਲਾ ਗੇਟ, ਭੂਸ਼ਣਪੁਰਾ ਤੋਂ ਇਲਾਵਾ ਥਾਣਾ ਬੀ-ਡਵੀਜ਼ਨ ਦੇ ਆਲੇ-ਦੁਆਲੇ ਦੇ ਹੋਟਲਾਂ ਤੇ ਹੋਰ ਇਲਾਕਿਆਂ ’ਚ ਸ਼ਰੇਆਮ ਜਿਸਮ ਫਿਰੋਸ਼ੀ ਦਾ ਧੰਦਾ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਜਦੋਂ ਮੌਜੂਦਾ ਥਾਣਾ ਮੁਖੀ ਨੇ ਅਹੁਦਾ ਸੰਭਾਲਿਆ ਸੀ ਤਾਂ ਉਸ ਦੌਰਾਨ ਇਕ-ਦੋ ਹੋਟਲਾਂ ’ਚ ਰੇਡ ਕਰ ਕੇ ਕੁਝ ਪ੍ਰੇਮੀ ਜੋੜਿਆਂ ਅਤੇ ਹੋਟਲ ਸੰਚਾਲਕਾਂ ਨੂੰ ਫੜਿਆ ਸੀ। ਉਸ ਸਮੇਂ ਹਰ ਰੋਜ਼ ਮਾਮਲੇ ਦਰਜ ਹੁੰਦੇ ਸਨ ਪਰ ਹੁਣ ਇਹ ਕਾਰਵਾਈ ਪੂਰੀ ਤਰ੍ਹਾਂ ਠੰਢੇ ਬਸਤੇ ’ਚ ਪੈ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਸਾਫ਼ ਹੈ ਕਿ ਥਾਣਾ ਮੁਖੀ ਦੀ ਹੋਟਲ ਸੰਚਾਲਕਾਂ ਨਾਲ ਅੰਦਰਖਾਤੇ ਸੈਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਕਿਨ੍ਹਾਂ ਇਲਾਕਿਆਂ ’ਚ ਧੜੱਲੇ ਨਾਲ ਹੋ ਰਹੀ ਨਸ਼ੇ ਦੀ ਵਿਕਰੀ
ਥਾਣਾ ਬੀ-ਡਵੀਜ਼ਨ ਅਧੀਨ ਆਉਂਦੇ ਇਲਾਕਿਆਂ ’ਚ ਨਸ਼ਿਆਂ ਦਾ ਜਾਲ ਫੈਲ ਚੁੱਕਾ ਹੈ। ਜਾਣਕਾਰੀ ਅਨੁਸਾਰ ਡਰੰਮਾਂ ਵਾਲਾ ਬਾਜ਼ਾਰ ਦੀ ਗਲੀ ਨੰਬਰ 1 ਤੋਂ ਲੈ ਕੇ 19 ਨੰਬਰ ਤੱਕ ਸ਼ਰੇਆਮ ਨਸ਼ਿਆਂ ਦਾ ਗੋਰਖਧੰਦਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਨਗਰ ਦੀ ਗਲੀ ਨੰਬਰ 1 ਤੋਂ 5 ਤੱਕ ਹਰ ਪਾਸੇ ਨਸ਼ਿਆਂ ਦਾ ਬੋਲਬਾਲਾ ਹੈ।
ਪੁਲਸ ਕਾਰਵਾਈ ਤਾਂ ਕਰਦੀ ਹੈ ਪਰ ਬਾਜ਼ ਨਹੀਂ ਆਉਂਦੇ ਨਸ਼ਾ ਸਮੱਗਲਰ
ਪੁਲਸ ਮੀਡੀਆ ’ਚ ਸਾਹਮਣੇ ਆਉਣ ’ਤੇ ਕੁਝ ਕੁ ਨਸ਼ਿਆਂ ਦੀਆਂ ਖੇਪਾਂ ਫੜ ਕੇ ਆਪਣੀ ਡਿਊਟੀ ਖ਼ਤਮ ਕਰ ਦਿੰਦੀ ਹੈ ਪਰ ਇਸ ਦੇ ਬਾਵਜੂਦ ਇਲਾਕੇ ’ਚ ਨਸ਼ੇ ਦੀ ਵਿਕਰੀ ’ਚ ਕੋਈ ਕਮੀ ਨਹੀਂ ਆ ਰਹੀ। ਖੇਤਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਇਲਾਕਿਆਂ ’ਚ ਨਸ਼ਿਆਂ ਦੀ ਵਿਕਰੀ ਹੋਰ ਵਧ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਨਸ਼ਾ ਸਮੱਗਲਰਾਂ ਨੂੰ ਹੁਣ ਪੁਲਸ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਿਹਾ, ਸਗੋਂ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਚੁੱਕੇ ਹਨ।
ਨਸ਼ਿਆਂ ਨੂੰ ਲੈ ਕੇ ਬੀਤੇ ਦਿਨੀਂ ਪੁਲਸ ਨੇ ਕਾਰਵਾਈ ਵੀ ਕੀਤੀ ਸੀ ਪਰ ਪੁਲਸ ਦੀ ਇਹ ਕਾਰਵਾਈ ਕੇਵਲ ਮਾਮਲੇ ਦਰਜ ਕਰਨ ਤੱਕ ਹੀ ਸੀਮਤ ਰਹੀ ਹੈ, ਜਿਸ ਦੀ ਵਜ੍ਹਾ ਕਰ ਕੇ ਇਹ ਨਸ਼ਾ ਸਮੱਗਲਰ ਫਿਰ ਸਰਗਰਮ ਹੋ ਚੁੱਕੇ ਹਨ ਅਤੇ ਜੰਮ ਕੇ ਨਸ਼ਾ ਵੇਚ ਰਹੇ ਹਨ।
ਸ਼ਰਧਾਲੂ ਬਣੇ ਲੁੱਟ-ਖੋਹ ਦਾ ‘ਸਾਫ਼ਟ ਟਾਰਗੈੱਟ’
ਇਨ੍ਹਾਂ ਇਲਾਕਿਆਂ ’ਚ ਮੰਦਰ ਤੇ ਹੋਰ ਪੂਜਣਯੋਗ ਸਥਾਨ ਲੁੱਟ-ਖੋਹ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਹਨ। ਮੰਦਰ ਵਾਲਾ ਬਾਜ਼ਾਰ ਲੁੱਟ-ਖੋਹ ਕਰਨ ਵਾਲਿਆਂ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ। ਰਾਤ ਦੇ ਵਕਤ ਜਦੋਂ ਲੋਕ ਮੰਦਰ ਮੱਥਾ ਟੇਕਣ ਆਉਂਦੇ ਹਨ ਤਾਂ ਇਹ ਨਸ਼ੇੜੀ ਆਪਣੀ ਪੂਰਤੀ ਲਈ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪੁਲਸ ਇਸ ਬਾਰੇ ਜਾਣੂ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਕਰ ਰਹੀ, ਇਹ ਇਕ ਵੱਡਾ ਸਵਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
