ਕੰਪਨੀ ਬਾਗ਼ ਦੀ ਪਾਰਕਿੰਗ ''ਚ ਵੱਡਾ ''ਘਪਲਾ'': ਸਰਕਾਰੀ ਖ਼ਜ਼ਾਨੇ ਦੀ ਬਜਾਏ ਮੁਲਾਜ਼ਮਾਂ ਦੀਆਂ ਜੇਬਾਂ ''ਚ ਜਾ ਰਿਹਾ ਸੀ ਪੈਸਾ
Thursday, Apr 30, 2026 - 08:23 AM (IST)
ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਲਗਾਤਾਰ ਵਿਵਾਦਾਂ ਵਿਚ ਘਿਰੀ ਹੋਈ ਹੈ। ਸ਼ਹਿਰ ਵਿਚ ਲੱਗੀਆਂ ਹਜ਼ਾਰਾਂ ਰੇਹੜੀਆਂ ਅਤੇ ਖੋਖਿਆਂ ਤੋਂ ਨਿੱਜੀ ਵਸੂਲੀ ਦੇ ਦੋਸ਼ਾਂ ਅਤੇ ਘੋਰ ਲਾਪ੍ਰਵਾਹੀ ਕਾਰਨ ਮੇਅਰ ਅਤੇ ਕਮਿਸ਼ਨਰ ਨੇ ਤਹਿਬਾਜ਼ਾਰੀ ਬ੍ਰਾਂਚ ਦੇ ਸਾਰੇ ਸਟਾਫ ਨੂੰ ਬਦਲ ਕੇ ਦੂਜੇ ਵਿਭਾਗਾਂ ਵਿਚ ਤਾਇਨਾਤ ਕਰ ਦਿੱਤਾ ਹੈ ਅਤੇ ਇਸ ਬ੍ਰਾਂਚ ਵਿਚ ਹੁਣ ਕਈ ਨਵੇਂ ਅਧਿਕਾਰੀ-ਕਰਮਚਾਰੀ ਲਗਾ ਕੇ ਸੁਪਰਿੰਟੈਂਡੈਂਟ ਸੰਜੀਵ ਕਾਲੀਆ ਨੂੰ ਬ੍ਰਾਂਚ ਹੈੱਡ ਬਣਾ ਦਿੱਤਾ ਹੈ। ਇਸ ਦੌਰਾਨ ਕੰਪਨੀ ਬਾਗ ਚੌਕ ਸਥਿਤ ਅੰਡਰਗਰਾਊਂਡ ਪਾਰਕਿੰਗ ਵਿਚ ਪਾਰਕਿੰਗ ਫੀਸ ਨੂੰ ਲੈ ਕੇ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿਸ ਵਿਚ ਤਹਿਬਾਜ਼ਾਰੀ ਦੇ ਹੀ ਕਰਮਚਾਰੀਆਂ ਵੱਲੋਂ ਹਜ਼ਾਰਾਂ ਰੁਪਏ ਦੀ ਨਿੱਜੀ ਵਸੂਲੀ ਕਰਨ ਦਾ ਮਾਮਲਾ ਉਜਾਗਰ ਹੋਇਆ ਹੈ।
ਜਾਣਕਾਰੀ ਅਨੁਸਾਰ ਇਸ ਪਾਰਕਿੰਗ ਦਾ ਠੇਕਾ ਲੰਮੇ ਸਮੇਂ ਤੋਂ ਨਹੀਂ ਹੋ ਸਕਿਆ ਸੀ, ਜਿਸ ਕਾਰਨ ਤਹਿਬਾਜ਼ਾਰੀ ਵਿਭਾਗ ਨੇ ਇਥੇ ਫੀਸ ਵਸੂਲੀ ਲਈ ਆਪਣੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੋਇਆ ਸੀ। ਦੋਸ਼ ਹੈ ਕਿ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੇ ਲੋਕਾਂ ਤੋਂ ਵਸੂਲੀ ਫੀਸ ਸਰਕਾਰੀ ਖਾਤੇ ਵਿਚ ਜਮ੍ਹਾ ਕਰਨ ਦੀ ਬਜਾਏ ਆਪਣੀ ਜੇਬ ਵਿਚ ਪਾਉਣੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਵਾਹਨ ਚਾਲਕਾਂ ਨੂੰ ਜਾਅਲੀ ਅਤੇ ਫਰਜ਼ੀ ਰਸੀਦਾਂ ਵੀ ਦਿੱਤੀਆਂ ਗਈਆਂ। ਕਈ ਮਾਮਲਿਆਂ ਵਿਚ ਪੈਸੇ ਸਿੱਧੇ ਇਕ ਸੇਵਾਦਾਰ ਦੇ ਯੂ. ਪੀ. ਆਈ. ਅਕਾਊਂਟ ਵਿਚ ਟਰਾਂਸਫਰ ਕਰਵਾਏ ਗਏ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਾਰਕਿੰਗ ਦੀ ਸਮਰੱਥਾ ਲਗਭਗ 200 ਗੱਡੀਆਂ ਦੀ ਹੈ ਪਰ ਰਿਕਾਰਡ ਵਿਚ ਸਿਰਫ 17 ਗੱਡੀਆਂ ਹੀ ਦਿਖਾਈਆਂ ਜਾ ਰਹੀਆਂ ਸਨ, ਜਿਸ ਵਿਚ ਵੱਡੇ ਪੱਧਰ ’ਤੇ ਗੜਬੜੀ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : NRI ਦੇ ਭਰੋਸੇ ਦਾ 'ਕਤਲ': ਜਿਸ ਰਿਸ਼ਤੇਦਾਰ ਨੂੰ ਸੌਂਪੀਆਂ ਸਨ ਘਰ ਦੀਆਂ ਚਾਬੀਆਂ, ਉਹੀ ਨਿਕਲਿਆ 'ਚੋਰ'
ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ ਤਹਿਬਾਜ਼ਾਰੀ ਵਿਭਾਗ ਦੇ ਸਾਬਕਾ ਸੁਪਰਿੰਟੈਂਡੈਂਟ ਨੂੰ ਇਸ ਦੀ ਸ਼ਿਕਾਇਤ ਮਿਲੀ। ਜਾਂਚ ਦੌਰਾਨ ਲਗਭਗ 50 ਹਜ਼ਾਰ ਰੁਪਏ ਦੀ ਰਾਸ਼ੀ ਨਿਗਮ ਖਾਤੇ ਵਿਚ ਜਮ੍ਹਾ ਨਾ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਸੰਯੁਕਤ ਕਮਿਸ਼ਨਰ ਦੇ ਹੁਕਮ ’ਤੇ ਹਰੀਸ਼ ਨਾਮਕ ਕਰਮਚਾਰੀ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਵਾਹਨ ਚਾਲਕਾਂ ਨੇ ਖੁਦ ਕਮਿਸ਼ਨਰ ਨੂੰ ਮਿਲ ਕੇ ਫਰਜ਼ੀ ਰਸੀਦਾਂ ਸੌਂਪੀਆਂ ਸਨ। ਨਿਗਮ ਅਧਿਕਾਰੀਆਂ ਦੇ ਹੱਥ 25 ਤੋਂ 30 ਨਕਲੀ ਰਸੀਦਾਂ ਲੱਗੀਆਂ ਹਨ, ਜਿਨ੍ਹਾਂ ’ਤੇ ਗੱਡੀਆਂ ਦੇ ਨੰਬਰ ਤਕ ਦਰਜ ਹਨ ਪਰ ਉਹ ਪੂਰੀ ਤਰ੍ਹਾਂ ਫਰਜ਼ੀ ਪਾਈਆਂ ਗਈਆਂ। ਨਾਲ ਹੀ ਯੂ. ਪੀ. ਆਈ. ਰਾਹੀਂ ਕੀਤੇ ਗਏ ਭੁਗਤਾਨ ਦੇ ਸਬੂਤ ਵੀ ਮਿਲੇ ਹਨ। ਨਿਗਮ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਫ. ਆਈ. ਆਰ. ਦਰਜ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਧਨ ਦੀ ਹੇਰਾਫੇਰੀ ਹੋਣ ਕਾਰਨ ਇਹ ਮਾਮਲਾ ਵਿਜੀਲੈਂਸ ਵਿਭਾਗ ਨੂੰ ਵੀ ਭੇਜਿਆ ਜਾ ਸਕਦਾ ਹੈ।
ਫਿਲਹਾਲ ਪਾਰਕਿੰਗ ਵਿਚ ਤਾਇਨਾਤ ਹੋਰ ਸਟਾਫ ਨੂੰ ਵੀ ਬਦਲਿਆ ਜਾ ਰਿਹਾ ਹੈ ਅਤੇ ਨਵੀਂ ਵਿਵਸਥਾ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਨਿਗਮ ਨੇ ਸੰਕੇਤ ਦਿੱਤੇ ਹਨ ਕਿ ਭਵਿੱਖ ਵਿਚ ਇਸ ਸਮੇਤ 25 ਪਾਰਕਿੰਗ ਸਥਾਨਾਂ ਨੂੰ ਠੇਕੇ ’ਤੇ ਦੇਣ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।
ਇਸ ਘਟਨਾ ਨੇ ਇਕ ਵਾਰ ਫਿਰ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੁੱਲ੍ਹੇਆਮ ਚੱਲ ਰਹੇ ਇਸ ਘਪਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਨਿਗਰਾਨੀ ਵਿਵਸਥਾ ਵਿਚ ਵੱਡੀਆਂ ਖਾਮੀਆਂ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਕਰਮਚਾਰੀ ਸਰਕਾਰੀ ਮਾਲੀਆ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ : ਗਾਜ਼ੀਆਬਾਦ ਦੇ 15 ਮੰਜ਼ਿਲਾ ਅਪਾਰਟਮੈਂਟ ’ਚ ਲੱਗੀ ਭਿਆਨਕ ਅੱਗ
ਨਵੀਂ ਟੀਮ ਨੂੰ ਸੌਂਪੀ ਗਈ ਜ਼ਿੰਮੇਵਾਰੀ
ਨਗਰ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਬ੍ਰਾਂਚ ਦੀ ਕਾਰਜਪ੍ਰਣਾਲੀ ਨੂੰ ਜ਼ਿਆਦਾ ਪਾਰਦਰਸ਼ੀ ਤੇ ਅਾਧੁਨਿਕ ਬਣਾਉਣ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਤਹਿਤ ਹਾਲ ਹੀ ਵਿਚ ਨਿਯੁਕਤ ਕਰਮਚਾਰੀਆਂ ਨੂੰ ਵਸੂਲੀ ਲਈ ਪੀ. ਓ. ਐੱਸ. ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ, ਤਾਂ ਜੋ ਰੇਹੜੀ-ਫਡ਼੍ਹੀ ਕਾਰੋਬਾਰੀਆਂ ਤੋਂ ਆਨਲਾਈਨ ਫੀਸ ਵਸੂਲੀ ਜਾ ਸਕੀ। ਅਧਿਕਾਰੀਆਂ ਅਨੁਸਾਰ ਕਰਮਚਾਰੀਆਂ ਨੂੰ ਮਸ਼ੀਨਾਂ ਦੇ ਸੰਚਾਲਨ ਅਤੇ ਫੀਸ ਵਸੂਲੀ ਦੀ ਪੂਰੀ ਪ੍ਰਕਿਰਿਆ ਨੂੰ ਲੈ ਕੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਿਗਮ ਨੇ ਇਨ੍ਹਾਂ ਕਰਮਚਾਰੀਆਂ ਲਈ ਵੱਖ-ਵੱਖ ਆਈ. ਡੀਜ਼ ਵੀ ਤਿਆਰ ਕਰ ਦਿੱਤੀਆਂ ਹਨ, ਜਿਸ ਨਾਲ ਉਨ੍ਹਾਂ ਦੀ ਕਾਰਜਪ੍ਰਣਾਲੀ ’ਤੇ ਨਿਗਰਾਨੀ ਰੱਖੀ ਜਾ ਸਕੇ।
ਨਵੀਂ ਟੀਮ ਵਿਚ ਕੁਝ ਕਰਮਚਾਰੀ ਬਾਹਰੀ ਜ਼ਿਲਿਆਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੀ ਘੱਟ ਜਾਣਕਾਰੀ ਹੈ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਨਿਗਮ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਤਜਰਬੇਕਾਰ ਸੇਵਾਦਾਰਾਂ ਦੀ ਡਿਊਟੀ ਲਗਾਉਣ ਦਾ ਫੈਸਲਾ ਲਿਆ ਹੈ, ਜੋ ਉਨ੍ਹਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਗੇ। ਨਿਗਮ ਦੇ ਸਾਬਕਾ ਸਟਾਫ ਵੱਲੋਂ ਸ਼ਹਿਰ ਵਿਚ 4400 ਕਿਊ. ਆਰ. ਕੋਡ ਪਲੇਟਾਂ ਪਹਿਲਾਂ ਹੀ ਲਗਾਈਆਂ ਜਾ ਚੁੱਕੀਆਂ ਹਨ, ਜਿਸ ਨਾਲ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਹੁਲਾਰਾ ਮਿਲਿਆ ਹੈ। ਉਥੇ ਹੀ ਬਾਕੀ ਬਚੀਆਂ ਪਲੇਟਾਂ ਨੂੰ ਲਗਾਉਣ ਦਾ ਕੰਮ ਵੀ ਜਲਦ ਹੀ ਨਵੀਂ ਟੀਮ ਵੱਲੋਂ ਸ਼ੁਰੂ ਕੀਤੇ ਜਾਣ ਦੀ ਤਿਆਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
