ਪਾਈਟ ਕੈਂਪ ਹਕੂਮਤ ਸਿੰਘ ਵਾਲਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਚ ਪਾ ਰਿਹਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ

Wednesday, Apr 22, 2026 - 12:07 PM (IST)

ਪਾਈਟ ਕੈਂਪ ਹਕੂਮਤ ਸਿੰਘ ਵਾਲਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ’ਚ ਪਾ ਰਿਹਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ (ਸੋਨੂੰ ਚੋਪੜਾ) : ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ ਸੀ-ਪਾਈਟ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ 'ਚ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ-ਪਾਈਟ ਪੰਜਾਬ ਸਰਕਾਰ ਦਾ ਇਕ ਮਹੱਤਵਪੂਰਨ ਉਪਰਾਲਾ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਲਈ ਯੋਗ ਬਣਾਉਣਾ ਹੈ। ਇਸ ਮਕਸਦ ਅਧੀਨ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਇਹ ਕੇਂਦਰ ਜ਼ਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ- ਪਾਈਟ ਹਕੂਮਤ ਸਿੰਘ ਵਾਲਾ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ ਕੁੱਲ 1287 ਨੌਜਵਾਨਾਂ ਨੂੰ ਇਥੇ ਸਿਖਲਾਈ ਪ੍ਰਦਾਨ ਕੀਤੀ ਗਈ, ਜਿਨ੍ਹਾਂ ਵਿੱਚੋਂ 270 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 227 ਨੌਜਵਾਨ ਆਰਮੀ ਅਗਨੀਵੀਰ ਭਰਤੀ ਵਿੱਚ, 04 ਪੰਜਾਬ ਪੁਲਸ ਵਿੱਚ, 04 ਪੈਰਾ ਮਿਲਟਰੀ ਫੋਰਸ ਵਿੱਚ, 31 ਹੋਰ ਵੱਖ-ਵੱਖ ਸਰਕਾਰੀ ਨੌਕਰੀਆਂ ਵਿੱਚ ਅਤੇ 04 ਨੌਜਵਾਨਾਂ ਨੇ ਸਵੈ-ਰੁਜ਼ਗਾਰ ਅਪਣਾਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ 150 ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਪੰਜਾਬ ਸਰਕਾਰ ਵੱਲੋਂ ਪਰੋਟਾ ਟੈਕ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ ਸਕਿਓਰਿਟੀ ਗਾਰਡ ਦਾ ਕੋਰਸ ਕਰਵਾਇਆ ਗਿਆ, ਜਿਸ ਤੋਂ ਬਾਅਦ ਵਧੇਰੇ ਨੌਜਵਾਨਾਂ ਨੂੰ ਪੈਸਕੋ ਅਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿੱਚ ਰੁਜ਼ਗਾਰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਨੌਜਵਾਨਾਂ ਦੇ ਸੈਲਫ ਡਿਸਪਲਿਨ, ਪਰਸਨੈਲਟੀ ਡਿਵੈਲਪਮੈਂਟ ਅਤੇ ਕਮਿਊਨੀਕੇਸ਼ਨ ਸਕਿੱਲ 'ਚ ਵੀ ਸੁਧਾਰ ਲਿਆਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। 

ਕੈਪਟਨ ਗੁਰਦਰਸ਼ਨ ਸਿੰਘ ਨੇ ਹੋਰ ਦੱਸਿਆ ਕਿ 2 ਨੌਜਵਾਨਾਂ ਨੂੰ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ, ਮਾਊਆਣਾ, ਮੁਕਤਸਰ ਵਿਖੇ ਮੁਫ਼ਤ ਜੇ. ਸੀ. ਬੀ. ਕੋਰਸ ਕਰਵਾਇਆ ਗਿਆ, ਜਦਕਿ 13 ਨੌਜਵਾਨਾਂ ਨੂੰ ਆਈ. ਟੀ. ਆਈ. ਰੋਪੜ੍ਹ ਵਿਖੇ ਡਰੋਨ ਆਪਰੇਟਿੰਗ ਦਾ ਕੋਰਸ ਕਰਵਾਇਆ ਗਿਆ। ਕੋਰਸ ਪੂਰੇ ਕਰਨ ਤੋਂ ਬਾਅਦ ਨੌਜਵਾਨ ਆਪਣੇ-ਆਪਣੇ ਖੇਤਰਾਂ 'ਚ ਵਧੀਆ ਕੰਮ ਕਰ ਰਹੇ ਹਨ।

 ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਸੀ-ਪਾਈਟ ਕੈਂਪ 'ਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਜਿੱਥੇ ਉਨ੍ਹਾਂ ਨੂੰ ਯੋਗਤਾ ਅਨੁਸਾਰ ਵੱਖ-ਵੱਖ ਖੇਤਰਾਂ 'ਚ ਟ੍ਰੇਨਿੰਗ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ 'ਚ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੋਹਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਇੱਥੇ ਤਜੁਰਬੇਕਾਰ ਸਟਾਫ਼, ਡਿਜੀਟਲ ਕਲਾਸਰੂਮ, ਉੱਚ ਪੱਧਰੀ ਟਰੈਕ, ਡਾਇਨਿੰਗ ਹਾਲ, ਹੋਸਟਲ, ਇੰਡੋਰ ਅਤੇ ਓਪਨ ਜਿੰਮ ਸਮੇਤ ਹੋਰ ਆਧੁਨਿਕ ਸਹੂਲਤਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਦਾਰੇ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਉਣ।
 


author

Babita

Content Editor

Related News