DMC ''ਚ ਪੁੱਤਰ ਦਾ ਚੱਲ ਰਿਹਾ ਸੀ ਆਪ੍ਰੇਸ਼ਨ, ਬਾਹਰ ਖੜ੍ਹੀ ਮਾਂ ਦਾ ਮੋਬਾਈਲ ਚੋਰੀ ਕਰ ਕੇ ਲੈ ਗਿਆ ਚੋਰ

Thursday, Apr 23, 2026 - 06:50 PM (IST)

DMC ''ਚ ਪੁੱਤਰ ਦਾ ਚੱਲ ਰਿਹਾ ਸੀ ਆਪ੍ਰੇਸ਼ਨ, ਬਾਹਰ ਖੜ੍ਹੀ ਮਾਂ ਦਾ ਮੋਬਾਈਲ ਚੋਰੀ ਕਰ ਕੇ ਲੈ ਗਿਆ ਚੋਰ

ਲੁਧਿਆਣਾ (ਰਾਜ): ਇਕ ਪਾਸੇ ਜਿੱਥੇ ਲੋਕ ਆਪਣਿਆਂ ਦੀ ਸਲਾਮਤੀ ਲਈ ਦੁਆਵਾਂ ਮੰਗ ਰਹੇ ਹੁੰਦੇ ਹਨ, ਉੱਥੇ ਹੀ ਦੂਜੇ ਪਾਸੇ ਸ਼ਾਤਰ ਚੋਰ ਹਸਪਤਾਲਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲਾ ਡੀ.ਐਮ.ਸੀ. (DMC) ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਦੇ ਆਪ੍ਰੇਸ਼ਨ ਥੀਏਟਰ ਦੇ ਬਾਹਰ ਚਾਰਜਿੰਗ 'ਤੇ ਲੱਗੇ ਮੋਬਾਈਲ ਫੋਨ ਨੂੰ ਇਕ ਨੌਜਵਾਨ ਨੇ ਬੜੀ ਸਫਾਈ ਨਾਲ ਚੋਰੀ ਕਰ ਲਿਆ। ਹਾਲਾਂਕਿ, ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਆਪ੍ਰੇਸ਼ਨ ਦੇ ਸਿਲਸਿਲੇ ਵਿਚ ਹਸਪਤਾਲ ਵਿਚ ਸੀ। 20 ਅਪ੍ਰੈਲ ਨੂੰ ਉਹ ਆਪਣੇ ਭਤੀਜੇ ਆਕਾਸ਼ਦੀਪ ਸਿੰਘ ਦੇ ਨਾਲ ਆਪ੍ਰੇਸ਼ਨ ਥੀਏਟਰ ਦੇ ਬਾਹਰ ਮੌਜੂਦ ਸੀ। ਮੋਬਾਈਲ ਦੀ ਬੈਟਰੀ ਘੱਟ ਹੋਣ ਕਾਰਨ ਉਸ ਨੇ ਫੋਨ ਨੂੰ ਥੀਏਟਰ ਦੇ ਬਾਹਰ ਲੱਗੇ ਚਾਰਜਿੰਗ ਪੁਆਇੰਟ 'ਤੇ ਲਗਾ ਦਿੱਤਾ। ਇਸੇ ਦੌਰਾਨ ਉਹ ਕੁਝ ਸਮੇਂ ਲਈ ਬਾਥਰੂਮ ਚਲੀ ਗਈ ਅਤੇ ਉਸ ਦਾ ਭਤੀਜਾ ਵੀ ਕਿਸੇ ਕੰਮ ਲਈ ਬਾਹਰ ਚਲਾ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਵਾਪਸ ਪਰਤੀ ਤਾਂ ਉਸ ਦਾ ਕੀਮਤੀ ਮੋਬਾਈਲ ਗਾਇਬ ਸੀ। ਉਸ ਨੇ ਤੁਰੰਤ ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ। ਚਸ਼ਮਦੀਦਾਂ ਨੇ ਖੁਲਾਸਾ ਕੀਤਾ ਕਿ ਚੈੱਕ ਸ਼ਰਟ ਪਹਿਨੇ ਇਕ ਲੜਕੇ ਨੇ ਚਾਰਜਿੰਗ ਤੋਂ ਫੋਨ ਲਾਹਿਆ ਅਤੇ ਉੱਥੋਂ ਖਿਸਕ ਗਿਆ। ਜਾਂਚ ਵਿਚ ਪਤਾ ਲੱਗਾ ਕਿ ਫੋਨ ਚੋਰੀ ਕਰਨ ਵਾਲੇ ਨੌਜਵਾਨ ਦਾ ਨਾਂ ਚੰਦਨਦੀਪ ਸਿੰਘ ਹੈ। 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਜਾਂਚ ਕਰਕੇ ਮੁਲਜ਼ਮ ਚੰਦਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਹਸਪਤਾਲ ਵਰਗੀ ਸੰਵੇਦਨਸ਼ੀਲ ਥਾਂ 'ਤੇ ਹੋਈ ਇਸ ਚੋਰੀ ਨੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।


author

Anmol Tagra

Content Editor

Related News