ਲੁਧਿਆਣਾ ਦੇ ਮੰਦਰ ''ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋਈ ਵਾਰਦਾਤ
Friday, Apr 24, 2026 - 06:54 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹੁਣ ਉਹ ਭਗਵਾਨ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਤਾਜ਼ਾ ਮਾਮਲਾ ਹੈਬੋਵਾਲ ਖੁਰਦ ਦੇ ਰਿਸ਼ੀ ਨਗਰ ਇਲਾਕੇ ਦਾ ਹੈ, ਜਿੱਥੇ ਇਕ ਅਣਪਛਾਤੇ ਨਕਾਬਪੋਸ਼ ਚੋਰ ਨੇ ਮੰਦਰ ਵਿਚ ਸੰਨ੍ਹ ਲਗਾ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਚੋਰੀ ਕਰ ਲਈਆਂ। ਇਹ ਪੂਰੀ ਘਟਨਾ ਕੋਲ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ ਮੁਲਜ਼ਮ ਦੀ ਕਰਤੂਤ ਸਾਫ਼ ਨਜ਼ਰ ਆ ਰਹੀ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
ਮੰਦਰ ਦੀ ਦੇਖਭਾਲ ਕਰਨ ਵਾਲੇ ਸ਼ਿਕਾਇਤਕਰਤਾ ਜਤਿੰਦਰ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਇਹ ਘਟਨਾ 20 ਅਤੇ 21 ਅਪ੍ਰੈਲ ਦੀ ਦਰਮਿਆਨੀ ਰਾਤ ਦੀ ਹੈ। ਰਾਤ ਕਰੀਬ 1 ਤੋਂ 2 ਵਜੇ ਦੇ ਵਿਚਕਾਰ ਇਕ ਨਕਾਬਪੋਸ਼ ਵਿਅਕਤੀ ਮੰਦਰ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋਇਆ। ਮੁਲਜ਼ਮ ਨੇ ਮੰਦਰ ਦੇ ਗਰਭਗ੍ਰਹਿ ਵਿਚ ਸਥਾਪਿਤ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਚੋਰੀ ਕਰ ਲਈਆਂ। ਚੋਰ ਉੱਥੋਂ ਮਾਤਾ ਪਾਰਵਤੀ, ਭਗਵਾਨ ਗਣੇਸ਼, ਭਗਵਾਨ ਕਾਰਤੀਕੇਯ ਅਤੇ ਸ਼ਿਵਲਿੰਗ 'ਤੇ ਸਜੇ ਚਾਂਦੀ ਦੇ ਨਾਗ ਦੇਵਤਾ ਦੀਆਂ ਮੂਰਤੀਆਂ ਉਖਾੜ ਕੇ ਲੈ ਗਿਆ। ਸਵੇਰੇ ਜਦੋਂ ਪੁਜਾਰੀ ਅਤੇ ਸ਼ਰਧਾਲੂ ਮੰਦਰ ਪਹੁੰਚੇ ਤਾਂ ਟੁੱਟੀ ਦੀਵਾਰ ਅਤੇ ਗਾਇਬ ਮੂਰਤੀਆਂ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਚੋਰੀ ਦੀ ਖ਼ਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ ਅਤੇ ਮੌਕੇ 'ਤੇ ਭਾਰੀ ਭੀੜ ਜਮ੍ਹਾ ਹੋ ਗਈ। ਘਟਨਾ ਦੇ ਕੁਝ ਹੀ ਦੇਰ ਬਾਅਦ ਮੰਦਰ ਤੋਂ ਕਰੀਬ 100-100 ਮੀਟਰ ਦੀ ਦੂਰੀ 'ਤੇ ਸਥਿਤ ਵੱਖ-ਵੱਖ ਪਾਰਕਾਂ ਵਿਚੋਂ ਚੋਰੀ ਕੀਤੀਆਂ ਮੂਰਤੀਆਂ ਅਤੇ ਚਾਂਦੀ ਦਾ ਨਾਗ ਬਰਾਮਦ ਹੋ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਚੋਰ ਮੂਰਤੀਆਂ ਨੂੰ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਕਾਂ ਵਿਚ ਹੀ ਸੁੱਟ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਇਕ ਮੂਰਤੀ ਬੁਰੀ ਤਰ੍ਹਾਂ ਖੰਡਿਤ ਪਾਈ ਗਈ, ਜਿਸ ਨਾਲ ਸਥਾਨਕ ਲੋਕਾਂ ਵਿਚ ਭਾਰੀ ਰੋਸ ਹੈ। ਇਸ ਵਾਰਦਾਤ ਨੇ ਪੁਲਸ ਦੇ ਸਾਹਮਣੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਰ ਨੇ ਜੇਕਰ ਚੋਰੀ ਦੀ ਨੀਅਤ ਨਾਲ ਮੂਰਤੀਆਂ ਨੂੰ ਚੁੱਕਿਆ ਸੀ, ਤਾਂ ਉਨ੍ਹਾਂ ਨੂੰ ਪਾਰਕ ਵਿਚ ਕਿਉਂ ਸੁੱਟਿਆ? ਕੀ ਇਹ ਸਿਰਫ਼ ਚੋਰੀ ਸੀ ਜਾਂ ਇਲਾਕੇ ਦੀ ਸ਼ਾਂਤੀ ਭੰਗ ਕਰਨ ਦੀ ਕੋਈ ਵੱਡੀ ਸਾਜ਼ਿਸ਼, ਇਹ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਥਾਣਾ ਪੀ.ਏ.ਯੂ. ਦੀ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।
