ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ ਚੁੱਘ

Wednesday, Apr 29, 2026 - 11:30 AM (IST)

ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ ਚੁੱਘ

ਜਲੰਧਰ (ਅਨਿਲ ਪਾਹਵਾ)- ਪੰਜਾਬ ਦੀ ਰਾਜਨੀਤੀ ਵਿਚ ਉਸ ਸਮੇਂ ਵੱਡਾ ਮੋੜ ਆ ਗਿਆ, ਜਦੋਂ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ 7 ਰਾਜ ਸਭਾ ਦੇ ਮੈਂਬਰ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਗਏ। ਇਸ ਘਟਨਾਕ੍ਰਮ ਨੇ ਸੂਬੇ ਵਿਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ ਅਤੇ ਸੱਤਾ ਦੇ ਸਮੀਕਰਨਾਂ ਨੇ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਸਿਆਸੀ ਘਟਨਾਵਾਂ ਦੇ ਪਿੱਛੇ ਦੀ ਰਣਨੀਤੀ, ਪੰਜਾਬ ਵਿਚ ਇਸ ਦੇ ਸੰਭਾਵਿਤ ਪ੍ਰਭਾਵ ਅਤੇ ਭਾਜਪਾ ਦੀਆਂ ਆਗਾਮੀ ਯੋਜਨਾਵਾਂ ਨੂੰ ਲੈ ਕੇ ‘ਜਗ ਬਾਣੀ’ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਕਾਜ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਆਮ ਆਦਮੀ ਪਾਰਟੀ ਨੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਸਰਕਾਰ ਲੋਕ ਹਿੱਤ ਦੇ ਮੁੱਦਿਆਂ ਦੀ ਬਜਾਏ ਪ੍ਰਚਾਰ ’ਤੇ ਜ਼ਿਆਦਾ ਧਿਆਨ ਦੇ ਰਹੀ ਹੈ ਅਤੇ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਨੇ ‘ਹੈਲਥ ਕ੍ਰਾਂਤੀ’ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਨਾ ਤਾਂ ਕੋਈ ਨਵਾਂ ਕੈਂਸਰ ਹਸਪਤਾਲ ਬਣਿਆ ਹੈ ਅਤੇ ਨਾ ਹੀ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਖੇਤੀਬਾੜੀ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਸਰਕਾਰ ਫੇਲ ਰਹੀ ਹੈ। ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਕੋਈ ਠੋਸ ਪਹਿਲ ਨਹੀਂ ਕੀਤੀ ਗਈ, ਜਦਕਿ ਸਿੱਖਿਆ ਖੇਤਰ ਵਿਚ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਬਣੀ ਹੋਈ ਹੈ।

ਪੰਜਾਬ ਨੂੰ ਅੱਗੇ ਵਧਾਉਣ ਲਈ ਭਾਜਪਾ ਕੋਲ ਕੀ ਯੋਜਨਾ ਹੈ?

ਭਾਜਪਾ ਕੋਲ ਵਿਕਾਸ ਦਾ ਸਪੱਸ਼ਟ ਅਤੇ ਵਿਵਹਾਰਕ ਮਾਡਲ ਹੈ, ਜਿਸ ਨੂੰ ਉਹ ਵੱਖ-ਵੱਖ ਸੂਬਿਆਂ ਵਿਚ ਲਾਗੂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿਚ ਉਦਯੋਗ, ਖੇਤੀਬਾੜੀ ਅਤੇ ਵਪਾਰ ਦੇ ਖੇਤਰ ਵਿਚ ਲਗਾਤਾਰ ਤਰੱਕੀ ਦੇਖੀ ਜਾ ਰਹੀ ਹੈ। ਪੰਜਾਬ ਵਿਚ ਮੌਜੂਦਾ ਸਮੇਂ ਵਿਚ ਜੋ ਕਈ ਵੱਡੇ ਇਨਫ੍ਰਾਸਟਰਕਚਰ ਪ੍ਰਾਜੈਕਟ ਚੱਲ ਰਹੇ ਹਨ, ਉਨ੍ਹਾਂ ਵਿਚ ਕੇਂਦਰ ਸਰਕਾਰ ਦੀ ਅਹਿਮ ਭੂਮਿਕਾ ਹੈ। ਸੂਬੇ ਵਿਚ ਹੋ ਰਹੇ ਵਿਕਾਸ ਕਾਰਜਾਂ ’ਚ ਕੇਂਦਰ ਦੀ ਹਿੱਸੇਦਾਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

‘ਆਪ’ ਦੀ ਸਰਕਾਰ ਵਿਚ ਮੇਰਾ ਪੰਜਾਬ ਅੱਜ ਪੌਣੇ ਪੰਜ ਲੱਖ ਕਰੋੜ ਦੇ ਕਰਜ਼ੇ ਵਿਚ ਫਸ ਚੁੱਕਾ ਹੈ। ਪੰਜਾਬ ਅੱਜ ਇੰਡਸਟਰੀ ਦੇ ਖੇਤਰ, ਤਰੱਕੀ ਦੀ ਰਫ਼ਤਾਰ, ਵਾਤਾਵਰਣ, ਪਾਣੀ ਦੀ ਸੰਭਾਲ, ਪ੍ਰਤੀ ਵਿਅਕਤੀ ਆਮਦਨ ਅਤੇ ਫਾਰਮਿੰਗ (ਖੇਤੀਬਾੜੀ) ਵਿਚ ਸਭ ਤੋਂ ਪਿੱਛੇ ਚੱਲ ਰਿਹਾ ਹੈ। ਪੰਜਾਬ ਅੱਜ ਗੈਂਗਸਟਰਵਾਦ ਵਿਚ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਅੱਜ ਪੰਜਾਬ ਵਿਚ ਜੋ ਗੈਂਗਸਟਰਵਾਦ ਚੱਲ ਰਿਹਾ ਹੈ, ਇਹ ਆਮ ਆਦਮੀ ਪਾਰਟੀ ਦਾ ਹੀ ਤੋਹਫ਼ਾ ਹੈ। ਮੰਤਰੀਆਂ ਨੇ ਆਪਣੇ ਘਰਾਂ ਦੇ ਅੰਦਰ ਟਾਰਚਰ ਸੈਂਟਰ ਖੋਲ੍ਹ ਲਏ ਹਨ। ਅਫ਼ਸਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਬਲੈਕਮੇਲ ਅਤੇ ਟਾਰਚਰ ਕਰ ਕੇ ਕਾਗਜ਼ਾਂ ’ਤੇ ਜ਼ਬਰਦਸਤੀ ਦਸਤਖਤ ਕਰਵਾਏ ਜਾ ਰਹੇ ਹਨ।

ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿਚ ‘ਆਪ੍ਰੇਸ਼ਨ ਲੋਟਸ’ ਚੱਲ ਰਿਹਾ ਹੈ?

ਮਾਰਚ 2022 ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪਾਰਟੀ ਇਹ ਰਾਗ ਅਲਾਪ ਰਹੀ ਹੈ ਕਿ ‘ਆਪ੍ਰੇਸ਼ਨ ਲੋਟਸ’ ਚੱਲ ਰਿਹਾ ਹੈ। ਅਸੀਂ ਅਜਿਹਾ ਕਿਉਂ ਨਹੀਂ ਕਹਿੰਦੇ? ਅਸੀਂ ਤਾਂ ਕਦੇ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਸਾਡਾ ਕੇਡਰ ਤੋੜ ਰਹੀ ਹੈ। ਜਦੋਂ ਅਸੀਂ ਸੱਤਾ ਵਿਚ ਨਹੀਂ ਹੁੰਦੇ ਅਤੇ ਵਿਰੋਧੀ ਧਿਰ ਵਿਚ ਹੁੰਦੇ ਹਾਂ, ਉਦੋਂ ਵੀ ਅਸੀਂ ਅਜਿਹਾ ਨਹੀਂ ਕਹਿੰਦੇ।

ਇਹ ਚਰਚਾ ਹੈ ਕਿ ‘ਆਪ’ ਦੇ ਕੁਝ ਹੋਰ ਆਗੂ ਵੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ?

(ਮੁਸਕੁਰਾਉਂਦੇ ਹੋਏ) ਸਾਰਾ ਪੰਜਾਬ ਭਾਜਪਾ ਦੇ ਸੰਪਰਕ ਵਿਚ ਹੈ। ਅਸੀਂ ਪੂਰੇ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਵਿਚ ਲੈ ਕੇ ਆਵਾਂਗੇ। ਜਿਸ ਤਰ੍ਹਾਂ ਪੰਜਾਬ ਵਿਚ ਘੁਟਨ ਚੱਲ ਰਹੀ ਹੈ, ਇਸ ਲਈ ਸੂਬਾ ਵਾਸੀ ਆਪਣੀ ਗਲਤੀ ’ਤੇ ਪਛਤਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ। ਬੱਸ ਚੋਣਾਂ ਲਈ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਬਹੁਤ ਜਲਦੀ ਲੋਕਾਂ ਦੀ ਉਡੀਕ ਖਤਮ ਹੋਣ ਵਾਲੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਾਅਵਾ ਹੈ ਕਿ ‘ਆਪ’ ਦੇ ਕਈ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?

ਰਾਜਾ ਵੜਿੰਗ ਕਿਸ ਦੇ ਕਹਿਣ ’ਤੇ ਅਜਿਹਾ ਬੋਲ ਰਹੇ ਹਨ, ਮੈਨੂੰ ਨਹੀਂ ਪਤਾ। ਉਹ ਕਿਸ ਦੀ ਭਾਸ਼ਾ ਬੋਲ ਰਹੇ ਹਨ, ਮੈਂ ਨਹੀਂ ਜਾਣਦਾ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਫੋਨ ਆਇਆ ਹੋਵੇ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਗੱਲ ਕਹੀ ਹੋਵੇ।

ਕੀ ਰਾਘਵ ਚੱਢਾ ਨੂੰ ਪੰਜਾਬ ਵਿਚ ਕੋਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ?

ਭਾਜਪਾ ਇਕ ਜਥੇਬੰਦਕ ਪਾਰਟੀ ਹੈ, ਜਿੱਥੇ ਵਰਕਰਾਂ ਅਤੇ ਆਗੂਆਂ ਦੀ ਸਮਰੱਥਾ ਦੇ ਆਧਾਰ ’ਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਹਨ। ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਉਸ ਦੇ ਤਜਰਬੇ ਅਤੇ ਯੋਗਤਾ ਅਨੁਸਾਰ ਕੰਮ ਦਿੱਤਾ ਜਾਂਦਾ ਹੈ।

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਜਪਾ ਦੀ ਕੀ ਯੋਜਨਾ ਹੈ?

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ ਰੈਲੀ ਵਿਚ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਠੋਸ ਕਦਮ ਉਠਾਏ ਜਾਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ 2 ਸਾਲਾਂ ਦੇ ਅੰਦਰ ਪੰਜਾਬ ’ਚੋਂ ਨਸ਼ੇ ਖਤਮ ਕਰ ਦੇਵਾਂਗੇ।

ਅਸੀਂ ਨਕਸਲਵਾਦ ਨੂੰ ਖਤਮ ਕਰਨ ਦਾ ਪ੍ਰਣ ਲਿਆ ਸੀ, ਉਹ ਕਰ ਕੇ ਦਿਖਾਇਆ। ਅਜਿਹਾ ਹੀ ਕਸ਼ਮੀਰ ਵਿਚ ਹੋਇਆ, ਜਿੱਥੇ ਜੋ ਲੋਕ ਪੱਥਰ ਮਾਰਦੇ ਸੀ, ਉਹ ਲੋਕ ਅੱਜ ਕਿਤੇ ਦਿਖਾਈ ਤੱਕ ਨਹੀਂ ਦਿੰਦੇ। ਭਾਜਪਾ ਪੰਜਾਬ ’ਚੋਂ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਯੋਜਨਾ ’ਤੇ ਕੰਮ ਕਰੇਗੀ, ਜਿਸ ਦਾ ਅਸਰ ਸਾਫ ਤੌਰ ’ਤੇ ਦੇਖਣ ਨੂੰ ਵੀ ਮਿਲੇਗਾ।

ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ?

ਪਾਰਟੀ ਪੰਜਾਬ ਵਿਚ ਇਕ ਸਥਾਨਕ ਅਤੇ ਸਮਰੱਥ ਲੀਡਰਸ਼ਿਪ ਨੂੰ ਅੱਗੇ ਲਿਆਏਗੀ। ਸੂਬੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਸੂਬੇ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੀ ਹੋਵੇ। ਜਿਸ ਨੂੰ ਪੰਜਾਬ ਦੀ ਚਿੰਤਾ ਹੋਵੇਗੀ, ਉਹੀ ਸੀ. ਐੱਮ. ਬਣੇਗਾ।

ਕੀ ਭਾਜਪਾ ਪੰਜਾਬ ਵਿਚ ਕਿਸੇ ਪਾਰਟੀ ਨਾਲ ਗੱਠਜੋੜ ਕਰ ਕੇ ਚੋਣ ਲੜੇਗੀ?

ਭਾਜਪਾ ਪੰਜਾਬ ਵਿਚ ਆਪਣੇ ਦਮ ’ਤੇ ਚੋਣ ਲੜੇਗੀ ਅਤੇ ਸਰਕਾਰ ਬਣਾਉਣ ਦਾ ਟੀਚਾ ਰੱਖੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਚਨਬੱਧ ਹੈ।

ਰਾਘਵ ਚੱਢਾ ਸਮੇਤ ਜੋ ਆਗੂ ਭਾਜਪਾ ਵਿਚ ਸ਼ਾਮਲ ਹੋਏ, ਇਸ ਦੇ ਪਿੱਛੇ ਕੀ ਰਣਨੀਤੀ ਰਹੀ?

ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣਾ ਵਿਸਥਾਰ ਕਰ ਰਹੀ ਹੈ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਇਸ ਦੀ ਸ਼ੁਰੂਆਤ ‘ਇੰਡੀਆ ਅਗੇਂਸਟ ਕੁਰੱਪਸ਼ਨ’ ਅੰਦੋਲਨ ਤੋਂ ਹੋਈ ਸੀ, ਜਿਸ ਦੀ ਅਗਵਾਈ ਅੰਨਾ ਹਜ਼ਾਰੇ ਨੇ ਕੀਤੀ ਸੀ। ਉਸ ਸਮੇਂ ਭ੍ਰਿਸ਼ਟਾਚਾਰ ਵਿਰੁੱਧ ਇਕ ਮਜ਼ਬੂਤ ​​ਆਵਾਜ਼ ਉੱਠੀ ਸੀ ਅਤੇ ਅਰਵਿੰਦ ਕੇਜਰੀਵਾਲ ਨੇ ਇਸੇ ਆਧਾਰ ’ਤੇ ਪਾਰਟੀ ਦਾ ਗਠਨ ਕੀਤਾ ਸੀ। ਉਨ੍ਹਾਂ ਨੇ ਭ੍ਰਿਸ਼ਟਾਚਾਰ ਮੁਕਤ ਰਾਜਨੀਤੀ, ਵੀ. ਆਈ. ਪੀ. ਕਲਚਰ ਖਤਮ ਕਰਨ ਅਤੇ ਸਾਦਗੀ ਭਰੇ ਸ਼ਾਸਨ ਦਾ ਵਾਅਦਾ ਕੀਤਾ ਸੀ ਪਰ ਸਮੇਂ ਦੇ ਨਾਲ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਗਈ। ਨਤੀਜੇ ਵਜੋਂ ਪ੍ਰਸ਼ਾਂਤ ਭੂਸ਼ਣ, ਕੁਮਾਰ ਵਿਸ਼ਵਾਸ ਅਤੇ ਕਿਰਨ ਬੇਦੀ ਵਰਗੇ ਕਈ ਪ੍ਰਮੁੱਖ ਆਗੂ ਪਾਰਟੀ ਛੱਡ ਕੇ ਵੱਖ ਹੋ ਗਏ।

ਭਾਜਪਾ ਨੇ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਪਾਰਟੀ ਦੇ ਅੰਦਰੂਨੀ ਅਸੰਤੋਸ਼ ਕਾਰਨ ਆਗੂ ਖੁਦ ਪਾਰਟੀ ’ਚੋਂ ਬਾਹਰ ਆਏ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜਨ ਦਾ ਫੈਸਲਾ ਕੀਤਾ। ਉਨ੍ਹਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਅੰਦਰ ਅਸੰਤੋਸ਼ ਅਤੇ ਲੀਡਰਸ਼ਿਪ ਨੂੰ ਲੈ ਕੇ ਬੇਚੈਨੀ ਦਾ ਮਾਹੌਲ ਹੈ।


 


author

Anmol Tagra

Content Editor

Related News