ਫੀਫਾ ਵਿਸ਼ਵ ਕੱਪ ਕੁਆਲੀਫਾਇਰ : ਭਾਰਤ ਸਾਹਮਣੇ ਓਮਾਨ ਦੀ ਚੁਣੌਤੀ

09/05/2019 1:31:58 AM

ਗੁਹਾਟੀ- ਭਾਰਤ ਫੀਫਾ ਵਿਸ਼ਵ ਕੱਪ-2022 ਕੁਆਲੀਫਾਇਰ ਵਿਚ ਵੀਰਵਾਰ ਨੂੰ ਜਦੋਂ ਓਮਾਨ ਖਿਲਾਫ ਆਪਣੇ ਅਭਿਆਨ ਦਾ ਆਗਾਜ਼ ਕਰੇਗਾ ਤਾਂ ਕੋਚ ਇਗੋਰ ਸਿਟਮਕ ਅਤੇ ਕਪਤਾਨ ਸੁਨੀਲ ਸ਼ੇਤਰੀ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਵਿਸ਼ਵ ਕੱਪ 1998 ਦੇ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਕ੍ਰੋਏਸ਼ੀਆਈ ਟੀਮ ਦੇ ਮੈਂਬਰ ਰਹੇ ਸਿਟਮਕ ਭਾਰਤੀ ਟੀਮ ਦੇ ਸਭ ਤੋਂ ਹਾਈ ਪ੍ਰੋਫਾਈਲ ਕੋਚਾਂ ਵਿਚੋਂ ਹਨ ਪਰ ਉਨ੍ਹਾਂ ਦਾ ਆਗਾਜ਼ ਵਧੀਆ ਨਹੀਂ ਹੋਇਆ। ਥਾਈਲੈਂਡ ਵਿਚ ਕਿੰਗਜ਼ ਕੱਪ ਵਿਚ ਭਾਰਤੀ ਟੀਮ ਤੀਸਰੇ ਸਥਾਨ ’ਤੇ ਰਹੀ, ਜਦਕਿ ਇੰਟਰ ਕਾਂਟੀਨੈਂਟਲ ਕੱਪ ਵਿਚ ਵੀ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਹੁਣ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਨੂੰ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦਾ ਕੋਚ ਨੂੰ ਬਾਖੂਬੀ ਇਲਮ ਹੋਵੇਗਾ। ਉਸ ਨੂੰ ਪਤਾ ਹੈ ਕਿ ਗਰੁੱਪ ਵਿਚ ਓਮਾਨ ਅਤੇ ਕਤਰ 2 ਮਜ਼ਬੂਤ ਟੀਮਾਂ ਹਨ।
ਭਾਰਤ ਦੀ ਹੀ ਤਰ੍ਹਾਂ ਓਮਾਨ ਕੋਲ ਵੀ ਨੀਦਰਲੈਂਡ ਦੇ ਐਰਵਿਨ ਕੋਮੈਨ ਦੇ ਰੂਪ ਵਿਚ ਨਵਾਂ ਕੋਚ ਹੈ, ਜਿਸ ਨੇ ਜਰਮਨੀ ਵਿਚ 3 ਹਫਤੇ ਕੈਂਪ ਲਾਇਆ ਸੀ। ਮਿਡਫੀਲਡਰ ਅਹਿਮਦ ਕਾਨੋ ਉਸ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਭਾਰਤ ਨੇ 2018 ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਦੌਰ ਵਿਚ ਓਮਾਨ ਖਿਲਾਫ ਦੋਵੇਂ ਮੈਚ ਗੁਆਏ ਸਨ।
ਸਾਨੂੰ ਬਿਨਾਂ ਦਬਾਅ ਦੇ ਇਕਜੁੱਟ ਹੋ ਕੇ ਖੇਡਣਾ ਪਵੇਗਾ : ਗੁਰਪ੍ਰੀਤ 
 ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਸ ਦੀ ਟੀਮ ਕੋਲ ਵੀਰਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਲਈ ਸ਼ੁਰੂਆਤੀ ਕੁਆਲੀਫਾਇੰਗ ਮੁਕਾਬਲੇ ਵਿਚ ਓਮਾਨ ਨੂੰ ਹਰਾਉਣ ਦਾ ਚੰਗਾ ਮੌਕਾ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਬਿਨਾਂ ਕਿਸੇ ਦਬਾਅ ਦੇ ਖੇਡਣਾ ਪਵੇਗਾ। ਅਰਜੁਨ ਪੁਰਸਕਾਰ ਜੇਤੂ ਸੰਧੂ ਨੇ ਕਿਹਾ ਕਿ ਅਸੀਂ ਜਿੱਤਣ ਲਈ ਖੇਡਦੇ ਹਾਂ। ਅਸੀਂ ਆਪਣੀ ਪੂਰੀ ਤਾਕਤ ਨਾਲ ਖੇਡਾਂਗੇ ਅਤੇ ਵਿਰੋਧੀ ਟੀਮ ਨੂੰ ਦੂਰ ਰੱਖਣ ਦਾ ਯਤਨ ਕਰਾਂਗੇ। ਉਮੀਦ ਹੈ ਕਿ ਅਸੀਂ ਚੰਗੀ ਸ਼ੁਰੂਆਤ ਕਰੀਏ ਅਤੇ ਕੁਆਲੀਫਾਇਰ ਦੀ ਸ਼ੁਰੂਆਤ ਚੰਗੇ ਅੰਕ ਬਣਾ ਕੇ ਕਰੀਏ।
 


Gurdeep Singh

Content Editor

Related News