ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਕਾਟੋ ਕਲੇਸ਼ ਆ ਰਿਹੈ ਸਾਹਮਣੇ, ਹੁਣ ਇਸ ਆਗੂ 'ਤੇ...
Wednesday, Dec 10, 2025 - 01:21 PM (IST)
ਸੁਲਤਾਨਪੁਰ ਲੋਧੀ (ਧੀਰ)-ਬਲਾਕ ਸੰਮਤੀ ਚੋਣਾਂ ਦੇ ਦਰਮਿਆਨ ਸੁਲਤਾਨਪੁਰ ਲੋਧੀ ਦੀ ਸਿਆਸਤ ਵਿਚ ਉਸ ਵੇਲੇ ਭੂਚਾਲ ਆ ਗਿਆ, ਜਦੋਂ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਉੱਤੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਧੋਖੇ ਨਾਲ ਵਾਪਸ ਕਰਵਾਉਣ ਦੇ ਗੰਭੀਰ ਦੋਸ਼ ਲੱਗੇ। ਇਹ ਦੋਸ਼ ਜ਼ੋਨ ਪਰਮਜੀਤਪੁਰ ਤੋਂ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਭਰਨ ਵਾਲੇ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ, ਵਾਸੀ ਪਿੰਡ ਪੱਸਣ ਕਦੀਮ, ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਮੀਡੀਆ ਸਾਹਮਣੇ ਲਗਾਏ ਗਏ।
ਗੁਰਦੇਵ ਸਿੰਘ ਨੇ ਦੱਸਿਆ ਕਿ ਨਵਤੇਜ ਚੀਮਾ ਨੇ ਪਹਿਲਾਂ ਖ਼ੁਦ ਉਸ ਨੂੰ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਲਈ ਮਿੰਨਤਾਂ ਕਰਕੇ ਤਿਆਰ ਕੀਤਾ ਸੀ, ਬਾਅਦ ਵਿਚ ਆਪਣੇ ਦਫ਼ਤਰ ਬੁਲਾ ਕੇ ਨਾਮਜ਼ਦਗੀ ਵਾਪਸੀ ਵਾਲੇ ਫਾਰਮਾਂ ’ਤੇ ਧੋਖੇ ਨਾਲ ਉਸ ਤੋਂ ਦਸਤਖ਼ਤ ਕਰਵਾ ਲਏ। ਗੁਰਦੇਵ ਸਿੰਘ ਦੇ ਮੁਤਾਬਕ ਉਸ ਨੂੰ ਇਹ ਕਹਿ ਕੇ ਭਰੋਸਾ ਦਿਵਾਇਆ ਗਿਆ ਕਿ ਇਹ ਸਿਰਫ਼ ਰਸਮੀ ਕਾਰਵਾਈ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਨਾਮਜ਼ਦਗੀ ਵਾਪਸ ਕਰਵਾਈ ਜਾ ਚੁੱਕੀ ਸੀ। ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਨਾਮ ਨਾਮਜ਼ਦਗੀ ਵਾਪਸੀ ਬਾਅਦ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ। ਉਸ ਨੂੰ ਕਿਹਾ ਗਿਆ ਕਿ ਹੁਣ ਉਹ ਘਰ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰੋ। ਉਸ ਨੇ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਸੁਚੱਜੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਤਾਂ ਜੋ ਕਾਂਗਰਸ ਪਾਰਟੀ ਨੂੰ ਜ਼ੋਨ ਪਰਮਜੀਤਪੁਰ ਵਿਚ ਚੋਣੀ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਬਾਰਾਤ ਵਾਲੀ Range Rover ਦੇ ਉੱਡੇ ਪਰਖੱਚੇ
ਗੁਰਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੂੰ ਧੋਖੇਬਾਜ਼ੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਮੀਡੀਆ ਸਾਹਮਣੇ ਜਾਣ ਦੀ ਤਿਆਰੀ ਕੀਤੀ ਤਾਂ ਉਸ ’ਤੇ ਲਗਾਤਾਰ ਦਬਾਅ ਬਣਾਇਆ ਜਾਂਦਾ ਰਿਹਾ ਅਤੇ ਉਸ ਨੂੰ ਮਾਮਲਾ ਦਬਾ ਦੇਣ ਲਈ ਕਿਹਾ ਗਿਆ। ਉਸ ਦਾ ਕਹਿਣਾ ਹੈ ਕਿ ਇਹ ਦਬਾਅ ਸਿੱਧੇ ਤੌਰ ’ਤੇ ਨਵਤੇਜ ਚੀਮਾ ਦੇ ਪ੍ਰਭਾਵ ਹੇਠ ਬਣਾਇਆ ਗਿਆ। ਉਧਰ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਦੇਵ ਸਿੰਘ ਦੇ ਭਾਣਜੇ ਮਨਜੀਤ ਸਿੰਘ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਪਹਿਲਾਂ ਉਸ ਦੇ ਮਾਮੇ ਨੂੰ ਕਾਂਗਰਸ ਪਾਰਟੀ ਦੀ ਇੱਜ਼ਤ ’ਤੇ ਚੋਣ ਲੜਨ ਲਈ ਅੱਗੇ ਕੀਤਾ ਗਿਆ ਅਤੇ ਬਾਅਦ ਵਿੱਚ ਧੋਖੇ ਨਾਲ ਉਸ ਨੂੰ ਇਲਾਕੇ ਭਰ ਵਿਚ ਸ਼ਰਮਸਾਰ ਕੀਤਾ ਗਿਆ। ਉਸ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਸਿਰਫ਼ ਉਸ ਦਾ ਨਹੀਂ, ਸਗੋਂ ਪੂਰੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਭਰੋਸਾ ਨਵਤੇਜ ਚੀਮਾ ਤੋਂ ਟੁੱਟ ਗਿਆ ਹੈ।

ਉਸ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਵਤੇਜ ਚੀਮਾ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਉਸ ਦਾ ਕਹਿਣਾ ਹੈ ਕਿ ਨਵਤੇਜ ਚੀਮਾ ਦੀਆਂ ਮਾੜੀਆਂ ਨੀਤੀਆਂ ਅਤੇ ਸਿਆਸੀ ਚਾਲਾਂ ਕਾਰਨ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਹੋਏ ਤਾਰ-ਤਾਰ! ਸਕੀ ਭੂਆ ਦੇ ਮੁੰਡੇ ਨੇ ਕਤਲ ਕਰਵਾਇਆ ਮਾਮੇ ਦਾ ਪੁੱਤ, ਦਿੱਤੀ ਰੂਹ ਕੰਬਾਊ ਮੌਤ
ਉਸ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਉਸ ਜਾਂ ਉਸ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ, ਧਮਕੀ ਜਾਂ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਾਬਕਾ ਵਿਧਾਇਕ ਨਵਤੇਜ ਚੀਮਾ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਮਾਮਲੇ ਵਿਚ ਜਲਦੀ ਕੋਈ ਢੁੱਕਵੀਂ ਅਤੇ ਇਨਸਾਫ਼ਯੋਗ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਸਮੇਤ ਇਲਾਕੇ ਦੇ ਵੱਡੀ ਗਿਣਤੀ ’ਚ ਮਜਬੂਰਨ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਇਸ ਮੌਕੇ ਸਰਪੰਚ ਸੁੱਚਾ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਜਸਪਾਲ ਸਿੰਘ, ਸੁਖਚੈਨ ਸਿੰਘ, ਗੁਰਜੰਟ ਸਿੰਘ, ਸਵਰਾਜ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਸੇਵਕ ਸਿੰਘ, ਸਾਬਕਾ ਸਰਪੰਚ ਦਸੇਰ ਸਿੰਘ, ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ ਆਦਿ ਮੌਜੂਦ ਸਨ।

ਨਵਤੇਜ ਸਿੰਘ ਚੀਮਾ ਨੇ ਆਪਣੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬਨਿਆਦ ਦੱਸਿਆ
ਦੂਜੇ ਪਾਸੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਵੱਲੋਂ ਉਨ੍ਹਾਂ ਦੇ ਸੀਨੀਅਰ ਕਾਂਗਰਸੀ ਆਗੂ ਮੋਨੂੰ ਭੰਡਾਰੀ ਵੱਲੋਂ ਅਧਿਕਾਰਿਤ ਪੱਖ ਦਿੱਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਕੋਈ ਵੀ ਟਿਕਟ ਨਵਤੇਜ ਸਿੰਘ ਚੀਮਾ ਨੇ ਨਹੀਂ ਦਿੱਤੀ, ਇਸ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਕਤ ਗੁਰਦੇਵ ਸਿੰਘ ਸਾਡੇ ਕੋਲੋਂ 3 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਜਦੋਂ ਅਸੀਂ ਇਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਕਾਂਗਰਸ ਪਾਰਟੀ ਦੇ ਖਿਲਾਫ ਵਿਰੋਧੀਆਂ ਦੇ ਕਹਿਣ ’ਤੇ ਕੁੜ ਪ੍ਰਚਾਰ ਕਰਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਤਰਸ ਦੇ ਆਧਾਰ ’ਤੇ ਕੁਰਸੀਆਂ ਤੇ ਕੁਝ ਹੋਰ ਸਾਮਾਨ ਲੈ ਕੇ ਦਿੱਤਾ ਹੈ। ਸਾਡੇ ਵੱਲੋਂ ਮੰਗ ਪੂਰੀ ਨਾ ਕੀਤੇ ਜਾਣ ਤੋਂ ਬਾਅਦ ਉਸਨੇ ਖੁਦ ਵਿਰੋਧੀਆਂ ਨਾਲ ਮਿਲ ਕੇ ਆਪਣੀ ਮਰਜ਼ੀ ਨਾਲ ਕਾਗਜ਼ ਚੁੱਕੇ ਹਨ। ਅਸੀਂ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਬਣਾਇਆ। ਉਧਰ, ਫੋਨ ’ਤੇ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬਨਿਆਦ ਦੱਸਿਆ।
ਇਹ ਵੀ ਪੜ੍ਹੋ: ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਸੀਲ! ਚੱਪੇ-ਚੱਪੇ 'ਤੇ ਲੱਗੇ ਨਾਕੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ
