ਪੰਜਾਬ ''ਚ ਭਖੀ ਸਿਆਸਤ! ਸੁਖਬੀਰ ਸਿੰਘ ਬਾਦਲ ਨੂੰ ਰਾਜਾ ਵੜਿੰਗ ਦੀ ਖੁੱਲ੍ਹੀ ਚੁਣੌਤੀ (ਵੀਡੀਓ)
Wednesday, Dec 10, 2025 - 05:37 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸਿਆਸਤ ਹੁਣ ਤੋਂ ਹੀ ਭਖਣੀ ਸ਼ੁਰੂ ਹੋ ਗਈ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਤੋਂ ਚੋਣ ਲੜਣ ਦਾ ਐਲਾਨ ਕੀਤਾ ਗਿਆ ਤੇ ਹੁਣ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਵੀ ਦੇ ਦਿੱਤੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਿਛਲੀ ਵਾਰੀ (ਜ਼ਿਮਨੀ ਚੋਣ) ਵਿਚ ਵੀ ਸੁਖਬੀਰ ਬਾਦਲ ਨੂੰ ਇੱਥੋਂ ਚੋਣ ਲਈ ਲੜਣ ਦੀ ਚੁਣੌਤੀ ਦਿੱਤੀ ਸੀ ਪਰ ਉਹ ਨਹੀਂ ਲੜੇ। ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਸੁਖਬੀਰ ਬਾਦਲ ਉਦੋਂ ਚੋਣ ਲੜਦੇ ਤਾਂ ਕਾਂਗਰਸ ਜਿੱਤ ਜਾਂਦੀ ਕਿਉਂਕਿ ਸੁਖਬੀਰ ਨੇ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੁਆ ਦਿੱਤੀਆਂ ਸਨ,। ਵੜਿੰਗ ਅਨੁਸਾਰ, ਸੁਖਬੀਰ ਬਾਦਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਰਾਜਾ ਵੜਿੰਗ 'ਟਾਰਗੇਟ' ਲੱਗਦਾ ਸੀ। ਆਪਣੀ ਪਿਛਲੀ ਜਿੱਤ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਦੱਸਿਆ ਕਿ 2022 ਵਿਚ ਜਦੋਂ ਉਹ ਜਿੱਤੇ ਸਨ, ਤਾਂ ਉਨ੍ਹਾਂ ਨੂੰ 50,000 ਵੋਟਾਂ ਪਈਆਂ ਸੀ ਤੇ ਜ਼ਿਮਨੀ ਚੋਣ ਵਿਚ ਵੀ ਇੰਨੀਆਂ ਹੀ ਵੋਟਾਂ ਪਈਆਂ ਸਨ।
ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਜੀ ਕੋਲ ਸਮਾਂ ਨਹੀਂ ਹੈ, ਤਾਂ ਉਹ ਹਰਸਿਮਰਤ ਕੌਰ ਬਾਦਲ ਨੂੰ ਇੱਥੋਂ ਚੋਣ ਲੜਾ ਦੇਣ। ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਲੜੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਵੜਿੰਗ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਮਰਜ਼ੀ ਗਿੱਦੜਬਾਹਾ ਆ ਜਾਣ, "ਗਿੱਦੜਬਾਹੇ ਵਾਲੇ ਸਿੰਘ ਭੋਰ ਦੇਣਗੇ।" ਵੜਿੰਗ ਨੇ ਯਾਦ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ 30,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਮੇਰੇ ਚੋਣ ਲੜਣ ਦਾ ਫ਼ੈਸਲਾ ਹਾਈਕਮਾਨ ਕਰੇਗੀ
ਦੂਜੇ ਪਾਸੇ, ਗਿੱਦੜਬਾਹੇ ਤੋਂ ਚੋਣ ਲੜਣ ਬਾਰੇ ਪੁੱਛੇ ਜਾਣ 'ਤੇ ਰਾਜਾ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਚੋਣ ਲੜਨਗੇ ਜਾਂ ਨਹੀਂ ਅਤੇ ਕਿੱਥੋਂ ਲੜਨਗੇ, ਇਸ ਦਾ ਅੰਤਿਮ ਫ਼ੈਸਲਾ ਕਾਂਗਰਸ ਪਾਰਟੀ ਦੀ ਹਾਈ ਕਮਾਨ- ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਕਰਨਗੇ। ਵੜਿੰਗ ਨੇ ਖ਼ੁਦ ਨੂੰ ਕਾਂਗਰਸ ਪਾਰਟੀ ਦਾ ਇਕ ਅਨੁਸ਼ਾਸਨਬੱਧ ਸਿਪਾਹੀ ਦੱਸਿਆ।
