ਆਜ਼ਾਦ ਸਪੋਰਟਸ ਕਲੱਬ ਨੇ ਕੀਤਾ ਜੇਤੂ ਟਰਾਫੀ ''ਤੇ ਕਬਜ਼ਾ

09/27/2019 11:28:47 PM

ਲੰਡਨ/ਗਲਾਸਗੋ  (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਸਗੋ ਵਿਖੇ 21ਵੀਂ ਯੂ. ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਤਹਿਤ ਪਿਛਲੇ 21 ਵਰ੍ਹਿਆਂ ਤੋਂ ਸੈਮਸਾ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਗਲਾਸਗੋ ਸਿਟੀ ਕੌਂਸਲ, ਰਾਇਲ ਨੇਵੀ, ਰਾਇਲ ਏਅਰ ਫੋਰਸ, ਬ੍ਰਿਟਿਸ਼ ਆਰਮੀ, ਰੇਂਜਰਜ਼ ਫੁੱਟਬਾਲ ਕਲੱਬ, ਸੈਲਟਿਕ ਫੁੱਟਬਾਲ ਕਲੱਬ, ਪੋਲਿਸ਼ ਸਕਾਟਲੈਂਡ, ਸਪੋਰਟਸ ਕੌਂਸਲ ਫਾਰ ਗਲਾਸਗੋ, ਗਲਾਸਗੋ ਸਪੋਰਟਸ ਅਤੇ ਗਲਾਸਗੋ ਲਾਈਵ ਸਮੇਤ ਹੋਰ ਵੀ ਅਨੇਕਾਂ ਵੱਕਾਰੀ ਸੰਸਥਾਵਾਂ ਵੱਲੋਂ ਇੰਗਲੈਂਡ ਭਰ 'ਚੋਂ ਪਹੁੰਚੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਗਿਆ।
ਇਸ ਚੈਂਪੀਅਨਸ਼ਿਪ ਦੌਰਾਨ ਸਪੋਰਟਿੰਗ ਬੰਗਾਲ, ਕੌਪਿਸ ਯੂਨਾਈਟਿਡ, ਗੁਰਖਾਜ਼, ਬੋਲਟਨ ਯੂਨਾਈਟਿਡ, ਬਲੈਕਬਰਨ ਯੂਨਾਈਟਿਡ, ਵੈੱਲ ਫਾਊਂਡੇਸ਼ਨ, ਆਜ਼ਾਦ ਸਪੋਰਟਸ, ਬੰਗਾਲ ਡਰੈਗਨ ਆਦਿ ਕਲੱਬਾਂ ਨੇ ਹਿੱਸਾ ਲਿਆ। ਗਲਾਸਗੋ ਗ੍ਰੀਨ ਫੁੱਟਬਾਲ ਸੈਂਟਰ ਦੇ ਮੈਦਾਨਾਂ 'ਚ ਹੋਏ ਗਹਿਗੱਚ ਮੁਕਾਬਲਿਆਂ 'ਚੋਂ ਕੌਪਿਸ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਫੁੱਟਬਾਲ ਕਲੱਬ ਫਾਈਨਲ ਮੁਕਾਬਲੇ ਲਈ ਜੇਤੂ ਟੀਮਾਂ ਵਜੋਂ ਉੱਭਰ ਕੇ ਸਾਹਮਣੇ ਆਈਆਂ।
ਜ਼ਿਕਰਯੋਗ ਹੈ ਕਿ ਹਰ ਵਰ੍ਹੇ ਹੀ ਫਾਈਨਲ ਮੈਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬਾਂ ਰੇਂਜਰਜ਼ ਅਤੇ ਸੈਲਟਿਕ ਦੇ ਮੈਦਾਨਾਂ ਵਿਚ ਕਰਵਾ ਕੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ 'ਤੇ ਵਿਚਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇਬਰੌਕਸ ਸਥਿਤ ਰੇਂਜਰਜ਼ ਦੇ ਮੈਦਾਨ ਵਿਚ ਕਰਵਾਇਆ ਗਿਆ, ਜਿਥੇ ਮੈਚ ਤੋਂ ਪਹਿਲਾਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਨੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਦਿਲਚਸਪ ਮੁਕਾਬਲੇ ਦੌਰਾਨ ਆਜ਼ਾਦ ਸਪੋਰਟਸ ਕਲੱਬ ਨੇ 5 ਗੋਲ ਕਰ ਕੇ ਆਪਣੀ ਜਿੱਤ ਦਰਜ ਕੀਤੀ, ਜਦਕਿ ਕੌਪਿਸ ਯੂਨਾਈਟਿਡ ਕਲੱਬ 2 ਗੋਲ ਕਰ ਕੇ ਉਪ-ਜੇਤੂ ਰਹੀ।


Gurdeep Singh

Content Editor

Related News