ਭਾਰਤ ਨਾਲ ਦੋ-ਪੱਖੀ ਲੜੀ ’ਚ PCB ਮੁਖੀ ਨੇ ਕਿਹਾ, ਅਜੇ ਪਾਕਿਸਤਾਨ ਦਾ ਟੀਚਾ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ
Tuesday, Apr 23, 2024 - 11:50 AM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਮੋਹਸਿਨ ਨਕਵੀ ਨੇ ਕਿਹਾ ਕਿ ਜੇਕਰ ਭਾਰਤ ਅਗਲੇ ਸਾਲ ਆਈ. ਸੀ. ਸੀ. ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਪਾਕਿਸਤਾਨ ਭੇਜੇਗਾ ਤਾਂ ਪੀ. ਸੀ. ਬੀ. ਉਸਦੇ ਨਾਲ ਦੋ-ਪੱਖੀ ਲੜੀ ਖੇਡਣ ਲਈ ਤਿਆਰ ਹੈ। ਲਾਹੌਰ ਵਿਚ ਇਕ ਪ੍ਰੋਗਰਾਮ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਕਵੀ ਤੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਹਾਲੀਆ ਇੰਟਰਵਿਊ ਦੇ ਬਾਰੇ ਵਿਚ ਪੁੱਛਿਆ ਗਿਆ, ਜਿਸ ਵਿਚ ਉਸ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਸ਼ਲਾਘਾ ਕੀਤੀ ਸੀ ਤੇ ਕਿਹਾ ਸੀ ਕਿ ਦੋਵੇਂ ਗੁਆਂਢੀ ਦੇਸ਼ਾਂ ਦਾ ਵਿਦੇਸ਼ ਵਿਚ ਟੈਸਟ ਲੜੀ ਖੇਡਣਾ ‘ਸ਼ਾਨਦਾਰ’ ਹੋਵੇਗਾ।
ਨਕਵੀ ਨੇ ਕਿਹਾ, ‘‘ਦੇਖੋ, ਜੇਕਰ ਇਸ ਸਬੰਧ ਵਿਚ ਕੋਈ ਬਦਲ ਆਉਂਦਾ ਹੈ ਤਾਂ ਅਸੀਂ ਉਸ ’ਤੇ ਵਿਚਾਰ ਕਰਾਂਗੇ ਪਰ ਅਜੇ ਸਾਡਾ ਟੀਚਾ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨਾ ਹੈ ਤੇ ਪਹਿਲਾਂ ਭਾਰਤ ਨੂੰ ਟੂਰਨਾਮੈਂਟ ਲਈ ਆਉਣ ਦੇਣਾ ਹੈ।’’
ਉਸ ਨੇ ਕਿਹਾ,‘‘ਫਿਲਹਾਲ ਚੈਂਪੀਅਨਸ ਟਰਾਫੀ ਤਕ ਕੋਈ ਸਮਾਂ ਉਪਲੱਬਧ ਨਹੀਂ ਹੈ ਕਿਉਂਕਿ ਸਾਡੀ ਟੀਮ ਦਾ ਪ੍ਰੋਗਰਾਮ ਤੈਅ ਹੋ ਚੁੱਕਾ ਹੈ। ਇਕ ਵਾਰ ਉਹ ਪਹਿਲਾਂ ਇੱਥੇ ਆ ਜਾਣ ਤਾਂ ਜਦੋਂ ਵੀ ਕੋਈ ਪ੍ਰਸਤਾਵ ਸਾਡੇ ਸਾਹਮਣੇ ਆਵੇਗਾ, ਅਸੀਂ ਉਸ ’ਤੇ ਵਿਚਾਰ ਕਰ ਸਕਦੇ ਹਾਂ।’’
ਦੋਵੇਂ ਟੀਮਾਂ ਨੇ ਪਿਛਲੀ ਵਾਰ 2012-13 ਵਿਚ ਸੀਮਤ ਓਵਰਾਂ ਦੀ ਦੋ-ਪੱਖੀ ਲੜੀ ਖੇਡੀ ਸੀ ਜਦੋਂ ਪਾਕਿਸਤਾਨ ਨੇ ਭਾਰਤ ਦਾ ਦੌਰਾ ਕੀਤਾ ਸੀ ਪਰ ਭਾਰਤ ਨੇ 2007 ਤੋਂ ਬਾਅਦ ਤੋਂ ਪਾਕਿਸਤਾਨ ਵਿਰੁੱਧ ਕੋਈ ਵੀ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਦੋਵੇਂ ਟੀਮਾਂ ਭਾਰਤੀ ਧਰਤੀ ’ਤੇ ਆਪਸ ਵਿਚ ਭਿੜੀਆਂ ਸਨ। ਪਿਛਲੇ ਸਾਲ ਭਾਰਤ ਨੇ ਪਾਕਿਸਤਾਨ ਵਿਚ ਏਸ਼ੀਆ ਕੱਪ ਮੈਚਾਂ ਲਈ ਆਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਅੰਤ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਨੂੰ ਇਸ ਪ੍ਰਤੀਯੋਗਿਤਾ ਲਈ ਇਕ ਹਾਈਬ੍ਰਿਡ ਮਾਡਲ ਅਪਣਾਉਣਾ ਪਿਆ ਸੀ, ਜਿਸ ਦੇ ਤਹਿਤ ਜ਼ਿਆਦਾਤਰ ਮੈਚਾਂ ਦਾ ਆਯੋਜਨ ਸ਼੍ਰੀਲੰਕਾ ਵਿਚ ਹੋਇਆ ਸੀ। ਨਕਵੀ ਨੇ ਫਰਵਰੀ ਵਿਚ ਦੁਬਈ ਵਿਚ ਆਈ. ਸੀ. ਸੀ. ਮੀਟਿੰਗ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨਾਲ ਮੁਲਾਕਾਤ ਕੀਤੀ ਸੀ।