ਮਾਰਾਡੋਨਾ ਦੇ ਉਤਰਾਧਿਕਾਰੀਆਂ ਨੇ ਕਿਹਾ-ਗੋਲਡਨ ਬਾਲ ਟਰਾਫੀ ਚੋਰੀ ਹੋਈ, ਨਿਲਾਮੀ ਰੋਕਣਾ ਚਾਹੁੰਦੇ ਹਾਂ
Tuesday, May 14, 2024 - 08:59 PM (IST)
ਪੈਰਿਸ– ਮਹਾਨ ਫੁੱਟਬਾਲਰ ਡਿਆਗੋ ਮਾਰਾਡੋਨਾ ਦੇ ਉਤਰਾਧਿਕਾਰੀ ਉਸ ਟਰਾਫੀ ਦੀ ਨਿਲਾਮੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਮੁਕੱਦਮਾ ਦਾਇਰ ਕਰਨਗੇ ਜਿਹੜੀ ਉਨ੍ਹਾਂ ਨੂੰ 1986 ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਖਿਤਾਬੀ ਜਿੱਤ ਤੋਂ ਬਾਅਦ ਦਿੱਤੀ ਗਈ ਸੀ। ਉਨ੍ਹਾਂ ਦੇ ਵਕੀਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਨੂੰ ਗੋਲਡਨ ਬਾਲ ਟਰਾਫੀ ਦਿੱਤੀ ਜਾਂਦੀ ਹੈ। ਇਹ ਟਰਾਫੀ ਦਰਸ਼ਕਾਂ ਵਿਚੋਂ ਗੋਇਬ ਸੀ ਤੇ ਹਾਲ ਹੀ ਵਿਚ ਦੋਬਾਰਾ ਸਾਹਮਣੇ ਆਈ। ਅਗੁਟੇਸ ਆਕਸ਼ਨ ਹਾਊਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਸਦੀ ਅਗਲੇ ਮਹੀਨੇ ਪੈਰਿਸ ਵਿਚ ਨਿਲਾਮੀ ਕੀਤੀ ਜਾਵੇਗੀ। ਮਾਰਾਡੋਨਾ ਦਾ 2020 ਵਿਚ 60 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਉਸ ਨੂੰ 1986 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਮੈਕਸੀਕੋ ਸਿਟੀ ਵਿਚ ਫਾਈਨਲ ਵਿਚ ਪੱਛਮੀ ਜਰਮਨੀ ’ਤੇ 3-2 ਦੀ ਜਿੱਤ ਦੌਰਾਨ ਅਰਜਨਟੀਨਾ ਦੀ ਕਪਤਾਨੀ ਕੀਤੀ ਸੀ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ਵਿਚ ਇੰਗਲੈਂਡ ’ਤੇ 2-1 ਦੀ ਜਿੱਤ ਵਿਚ ਵਿਵਾਦਪੂਰਨ ‘ਹੈਂਡ ਆਫ ਗਾਡ’ ਗੋਲ ਤੇ ‘ਸਦੀ ਦਾ ਸਰਵਸ੍ਰੇਸ਼ਠ’ ਗੋਲ ਕੀਤਾ ਸੀ।
ਮਾਰਾਡੋਨਾ ਦੇ ਉਤਰਾਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਫੀ ਚੋਰੀ ਹੋ ਗਈ ਸੀ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਮੌਜੂਦਾ ਮਾਲਕ ਕੋਲ ਇਸ ਨੂੰ ਵੇਚਣ ਦਾ ਹੱਕ ਨਹੀਂ ਹੋ ਸਕਦਾ। ਪੈਰਾਡਾਕਸ ਲਾਇਰਸ ਫਰਮ ਦੇ ਨਾਲ ਕੰਮ ਕਰਨ ਵਾਲੇ ਵਕੀਲ ਜਾਇਲਸ ਮੋਰੂ ਨੇ ਕਿਹਾ ਕਿ ਉਹ ਗੋਲਡਨ ਬਾਲ ਨੂੰ ਨਿਲਾਮੀ ਤੋਂ ਹਟਾਉਣ ਲਈ ਪੈਰਿਸ ਦੇ ਕੋਲ ਨੈਨਟੇਰੇ ਨਿਆਇਕ ਅਦਾਲਤ ਦੇ ਮੁਖੀ ਨੂੰ ਤੁਰੰਤ ਅਪੀਲ ਕਰਨਗੇ।