ਚੈਂਪੀਅਨਜ਼ ਟਰਾਫੀ: PCB ਨੇ ਭਾਰਤ ਦੇ ਕੁਆਲੀਫਾਇੰਗ ਦੌਰ ਦੇ ਮੈਚ ਇਕ ਹੀ ਸ਼ਹਿਰ ''ਚ ਕਰਵਾਉਣ ਦਾ ਦਿੱਤਾ ਸੁਝਾਅ
Wednesday, May 01, 2024 - 09:19 PM (IST)
ਕਰਾਚੀ- ਪਾਕਿਸਤਾਨ ਦੇ ਕ੍ਰਿਕਟ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਦੌਰਾਨ ਭਾਰਤ ਦੇ ਕੁਆਲੀਫਾਇੰਗ ਦੌਰ ਦੇ ਮੈਚਾਂ ਨੂੰ ਸਿਰਫ ਇਕ ਸ਼ਹਿਰ ਵਿਚ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਹੈ। ਚੈਂਪੀਅਨਜ਼ ਟਰਾਫੀ 2025 ਮੇਜ਼ਬਾਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿੰਨ ਸ਼ਹਿਰਾਂ ਕਰਾਚੀ, ਰਾਵਲਪਿੰਡੀ ਅਤੇ ਲਾਹੌਰ ਦੀ ਚੋਣ ਕੀਤੀ ਹੈ। ਫਾਈਨਲ ਲਾਹੌਰ ਵਿੱਚ ਹੋਵੇਗਾ। ਪੀਸੀਬੀ ਦੇ ਇਕ ਸੂਤਰ ਨੇ ਦੱਸਿਆ, "ਆਈਸੀਸੀ ਦੇ ਜਨਰਲ ਮੈਨੇਜਰ ਵਸੀਮ ਖਾਨ ਨੇ ਵੀ ਹਾਲ ਹੀ ਵਿੱਚ ਲਾਹੌਰ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਪੀਸੀਬੀ ਦੇ ਉੱਚ ਅਧਿਕਾਰੀਆਂ ਨਾਲ ਚੈਂਪੀਅਨਸ ਟਰਾਫੀ ਦੇ ਪ੍ਰਬੰਧਾਂ 'ਤੇ ਚਰਚਾ ਕੀਤੀ ਸੀ ਅਤੇ ਇਹ ਸੁਝਾਅ ਦਿੱਤਾ ਗਿਆ ਸੀ ਕਿ ਭਾਰਤੀ ਟੀਮ ਦੀ ਯਾਤਰਾ ਨੂੰ ਘੱਟ ਤੋਂ ਘੱਟ ਰੱਖਿਆ ਜਾਣਾ ਚਾਹੀਦਾ ਹੈ।
ਸੂਤਰ ਨੇ ਕਿਹਾ ਕਿ ਭਾਰਤ ਨਾਕਆਊਟ ਲਈ ਵੱਖ-ਵੱਖ ਥਾਵਾਂ 'ਤੇ ਜਾਣ ਤੋਂ ਪਹਿਲਾਂ ਕਰਾਚੀ 'ਚ ਆਪਣੇ ਕੁਆਲੀਫਾਇੰਗ ਦੌਰ ਦੇ ਮੈਚ ਖੇਡ ਸਕਦਾ ਹੈ।
ਭਾਰਤ ਅਤੇ ਪਾਕਿਸਤਾਨ ਇਸ ਸਮੇਂ ਸਿਰਫ ਆਈਸੀਸੀ ਟੂਰਨਾਮੈਂਟਾਂ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਖੇਡ ਰਹੇ ਹਨ। ਭਾਰਤੀ ਕ੍ਰਿਕਟ ਟੀਮ ਨੇ 2008 ਤੋਂ ਬਾਅਦ ਪਾਕਿਸਤਾਨ ਵਿੱਚ ਕੋਈ ਮੈਚ ਨਹੀਂ ਖੇਡਿਆ ਹੈ। ਪਿਛਲੇ ਸਾਲ ਭਾਰਤੀ ਕ੍ਰਿਕਟ ਬੋਰਡ ਨੇ ਏਸ਼ੀਆ ਕੱਪ ਲਈ ਵੀ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੀ ਸੀ। ਇਸ ਤੋਂ ਬਾਅਦ ਆਖ਼ਰਕਾਰ ਹਾਈਬ੍ਰਿਡ ਮਾਡਲ ਤਹਿਤ ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਮੈਚ ਕਰਵਾਏ ਗਏ। ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਸਾਰੀਆਂ ਟੀਮਾਂ ਤੈਅ ਸਮੇਂ ਮੁਤਾਬਕ ਪਾਕਿਸਤਾਨ 'ਚ ਚੈਂਪੀਅਨਸ ਟਰਾਫੀ ਖੇਡਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਡੀਅਮ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਟੂਰਨਾਮੈਂਟ ਫਰਵਰੀ-ਮਾਰਚ 2025 ਵਿੱਚ ਹੋਣ ਦੀ ਉਮੀਦ ਹੈ।