ਵਿਨੇਸ਼ ਨੇ ਭਾਰਤ ਲਈ ਮਹਿਲਾ 50 ਕਿ. ਗ੍ਰਾ. ਦਾ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ
Sunday, Apr 21, 2024 - 02:59 PM (IST)
ਬਿਸ਼ਕੇਕ (ਕ੍ਰਿਗਿਸਤਾਨ), (ਭਾਸ਼ਾ)– ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ ਮਹਿਲਾਵਾਂ ਦੇ 50 ਕਿ. ਗ੍ਰਾ. ਭਾਰ ਵਰਗ ਵਿਚ ਇਕ ਵੀ ਅੰਕ ਗੁਆਏ ਬਿਨਾਂ ਫਾਈਨਲ ਵਿਚ ਪਹੁੰਚ ਕੇ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰ ਲਿਆ। ਇਹ ਪੈਰਿਸ ਓਲੰਪਿਕ ਲਈ ਭਾਰਤ ਦਾ ਦੂਜਾ ਕੋਟਾ ਹੈ। ਉਸ ਤੋਂ ਪਹਿਲਾਂ ਅੰਤਿਮ ਪੰਘਾਲ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤ ਕੇ 53 ਕਿ. ਗ੍ਰਾ. ਭਾਰ ਵਰਗ ਵਿਚ ਕੋਟਾ ਹਾਸਲ ਕੀਤਾ ਸੀ।
ਇਹ 29 ਸਾਲਾ ਵਿਨੇਸ਼ ਦਾ ਲਗਾਤਾਰ ਤੀਜਾ ਓਲੰਪਿਕ ਕੋਟਾ ਹੈ। ਉਸ ਨੇ ਇਸ ਤੋਂ ਪਹਿਲਾਂ ਰੀਓ ਓਲੰਪਿਕ (2016) ਤੇ ਟੋਕੀਓ ਓਲੰਪਿਕ (2020) ਵਿਚ ਵੀ ਹਿੱਸਾ ਲਿਆ ਸੀ। ਵਿਨੇਸ਼ ਨੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਹਰਾਇਆ। ਉਸ ਨੇ ਪਹਿਲਾਂ ਕੋਰੀਆਈ ਵਿਰੋਧੀ ਮਿਰਾਨ ਚਿਯੋਨ ਨੂੰ ਇਕ ਮਿੰਟ 39 ਸੈਕੰਡ ਵਿਚ ਹਰਾਇਆ। ਅਗਲੇ ਮੁਕਾਬਲੇ ਵਿਚ ਉਸ ਨੇ 67 ਸੈਕੰਡ ਵਿਚ ਕੰਬੋਡੀਆ ਦੀ ਐਸਮਾਨਾਂਗ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਕਜ਼ਾਕਿਸਤਾਨ ਦੀ 19 ਸਾਲ ਦੀ ਪਹਿਲਵਾਨ ਲੌਰਾ ਗਾਨਿਕਿਜੀ ਨੇ ਉਸਦੇ ਸਾਹਮਣੇ ਥੋੜ੍ਹੀ ਸਖਤ ਚੁਣੌਤੀ ਪੇਸ਼ ਕੀਤੀ ਪਰ ਇਸ ਭਾਰਤੀ ਪਹਿਲਵਾਨ ਨੇ ਆਪਣੇ ਤਜਰਬੇ ਦਾ ਇਸਤੇਮਾਲ ਕਰਕੇ ਨੌਜਵਾਨ ਵਿਰੋਧੀ ਨੂੰ ਹਰਾ ਦਿੱਤਾ।
ਭਾਰਤ ਅੰਸ਼ੂ ਮਲਿਕ (57 ਕਿ. ਗ੍ਰਾ.) ਤੇ ਮਾਨਸੀ ਅਹਿਲਾਵਤ (62 ਕਿ. ਗ੍ਰਾ.) ਤੇ ਰਿਤਿਕਾ (76 ਕਿ. ਗ੍ਰਾ.) ਦੇ ਰਾਹੀਂ ਤਿੰਨ ਹੋਰ ਕੋਟੇ ਹਾਸਲ ਕਰ ਸਕਦਾ ਹੈ ਕਿਉਂਕਿ ਇਹ ਵੀ ਆਪਣੇ ਵਰਗ ਦੇ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਵਿਸ਼ਵ ਚੈਂਪੀਅਨਸ਼ਿਪ 2021 ਚਾਂਦੀ ਤਮਗਾ ਜੇਤੂ ਅੰਸ਼ੂ ਨੂੰ ਕੁਆਰਟਰ ਫਾਈਨਲ ਵਿਚ ਸਿੱਧੇ ਪ੍ਰਵੇਸ਼ ਮਿਲਿਆ, ਜਿਸ ਵਿਚ ਉਸ ਨੇ ਕ੍ਰਿਗਿਸਤਾਨ ਦੀ ਕਲਮੀਰਾ ਬਿਲਿਮਬੇਕੋਵਾ ਨੂੰ ਤਕਨੀਕੀ ਸ੍ਰੇਸ਼ਠਤਾ ’ਤੇ ਜਿੱਤਿਆ। ਅੰਡਰ-23 ਵਿਸ਼ਵ ਚੈਂਪੀਅਨ ਰਿਤਿਕਾ (76 ਕਿਲੋ) ਨੇ ਯੁੰਜੂ ਹਵਾਂਗ ਨੂੰ ਹਰਾਇਆ। ਪਹਿਲੇ ਦੌਰ ਵਿਚ ਉਸ ਨੇ ਤਕਨੀਕੀ ਸ੍ਰੇਸ਼ਠਤਾ ਦੇ ਆਧਾਰ ’ਤੇ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਉਸਨੇ ਮੰਗੋਲੀਆ ਦੀ ਦਾਵਾਨਾਸਾਨ ਏਂਖ ਏਮਾਰ ਨੂੰ ਵੀ ਇਸੇ ਤਰ੍ਹਾਂ ਨਾਲ ਹਰਾਇਆ। ਮਾਨਸੀ ਅਹਿਲਾਵਤ (62 ਕਿਲੋ) ਵੀ ਆਖਰੀ 4 ਵਿਚ ਪਹੁੰਚ ਗਈ। ਨਿਸ਼ਾ ਦਹੀਆ (68 ਕਿਲੋ) ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੀ। ਪੈਰਿਸ ਓਲੰਪਿਕ ਦਾ ਆਖਰੀ ਵਿਸ਼ਵ ਕੁਆਲੀਫਾਇਰ ਤੁਰਕੀ ਵਿਚ 9 ਮਈ ਨੂੰ ਖੇਡਿਆ ਜਾਵੇਗਾ।