AUS v ENG : ਦੂਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਨੇ ਇੰਗਲੈਂਡ 'ਤੇ ਬਣਾਈ 196 ਦੌੜਾਂ ਦੀ ਬੜ੍ਹਤ
Thursday, Dec 09, 2021 - 07:59 PM (IST)
ਬ੍ਰਿਸਬੇਨ- ਡੇਵਿਡ ਵਾਰਨਰ ਕੇਵਲ 6 ਦੌੜਾਂ ਨਾਲ ਸੈਂਕੜਾ ਲਗਾਉਣ ਤੋਂ ਖੁੰਝ ਗਏ ਪਰ ਟ੍ਰੈਵਿਸ ਹੈੱਡ ਨੇ ਅਜੇਤੂ ਸੈਂਕੜਾ ਲਗਾਇਆ, ਜਿਸ ਨਾਲ ਆਸਟਰੇਲੀਆ ਨੇ ਇੰਗਲੈਂਡ ਵਿਰੁੱਧ ਪਹਿਲੇ ਏਸ਼ੇਜ਼ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਆਪਣੀ ਪਹਿਲੀ ਪਾਰੀ ਵਿਚ 7 ਵਿਕਟਾਂ 'ਤੇ 343 ਦੌੜਾਂ ਬਣਾ ਕੇ 196 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਵਾਰਨਰ ਨੇ 94 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਮਾਰਨਸ ਲਾਬੁਸ਼ੇਨ (74) ਦੇ ਨਾਲ ਦੂਜੇ ਵਿਕਟ ਦੇ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਆਸਟਰੇਲੀਆ ਦੇ ਮੱਧਕ੍ਰਮ ਦੇ ਬੱਲੇਬਾਜ਼ ਹੈੱਡ ਨੇ 95 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾ ਕੇ ਆਸਟਰੇਲੀਆ ਦੀ ਵੱਡੀ ਬੜ੍ਹਤ ਪੱਕੀ ਕੀਤੀ।
ਇਹ ਖ਼ਬਰ ਪੜ੍ਹੋ- BCCI ਨੇ ਕੋਹਲੀ ਦੇ ਲਈ ਕੀਤਾ ਧੰਨਵਾਦ, ਟਵੀਟ ਕਰ ਲਿਖੀ ਇਹ ਗੱਲ
ਪਹਿਲੇ ਦਿਨ ਕਪਤਾਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ 38 ਦੌੜਾਂ 'ਤੇ 5 ਵਿਕਟਾਂ ਲੈਣ ਦੇ ਇਤਿਹਾਸਕ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਪਹਿਲੇ ਏਸ਼ੇਜ਼ ਕ੍ਰਿਕਟ ਟੈਸਟ ਮੈਚ ਦੇ ਵਰਖਾ ਪ੍ਰਭਾਵਿਤ ਪਹਿਲੇ ਦਿਨ 50.1 ਓਵਰਾਂ 'ਚ ਸਿਰਫ 147 ਦੌੜਾਂ 'ਤੇ ਢੇਰ ਕਰ ਦਿੱਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸ ਦੀ ਸ਼ੁਰੂਆਤ ਖਰਾਬ ਰਹੀ ਤੇ ਮੈਚ ਦੀ ਪਹਿਲੀ ਗੇਂਦ 'ਤੇ ਮਿਸ਼ੇਲ ਸਟਾਰਕ ਨੇ ਰੋਰੀ ਬਨਰਸ ਨੂੰ ਬੋਲਡ ਕਰ ਦਿੱਤਾ। ਬਨਰਸ ਨੂੰ ਸ਼ਾਇਦ ਜੀਵਨ ਭਰ ਆਪਣੇ ਇਸ ਪ੍ਰਦਰਸ਼ਨ 'ਤੇ ਪਛਤਾਵਾ ਰਹੇਗਾ ਕਿਉਂਕਿ ਉਹ ਏਸ਼ੇਜ ਦੇ ਇਤਿਹਾਸ ਦੇ ਦੂਜੇ ਅਜਿਹੇ ਖਿਡਾਰੀ ਬਣੇ ਜੋ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਨਾਲ ਹੀ ਇਸ ਸਾਲ ਉਹ 6ਵੀਂ ਵਾਰ ਜ਼ੀਰੋ ਦੇ ਸਕੋਰ 'ਤੇ ਆਊਟ ਹੋਏ ਹਨ। ਵਿਸ਼ਵ ਪੱਧਰ 'ਤੇ ਕਿਸੇ ਵੀ ਟੈਸਟ ਵਿਚ ਇਕ ਸਲਾਮੀ ਬੱਲੇਬਾਜ਼ ਵੱਲੋਂ ਇਹ ਸਭ ਤੋਂ ਖਰਾਬ ਰਿਕਾਰਡ ਹੈ। ਡੇਵਿਡ ਮਲਾਨ ਸਿਰਫ 6 ਦੌੜਾਂ ਬਣਾ ਕੇ ਜੋਸ਼ ਹੇਜਲਵੁਡ ਦੀ ਗੇਂਦ 'ਤੇ ਵਿਕਟਕੀਪਰ ਏਲੇਕਸ ਕੈਰੀ ਦੇ ਹੱਥੋਂ ਆਊਟ ਹੋ ਗਏ। ਹਾਲਾਂਕਿ ਮਲਾਨ ਜਿਸ ਗੇਂਦ 'ਤੇ ਆਪਣਾ ਵਿਕਟ ਸੁੱਟ ਕੇ ਗਏ, ਉਸ ਗੇਂਦ ਨੂੰ ਆਸਾਨੀ ਨਾਲ ਛੱਡਿਆ ਜਾ ਸਕਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੂਟ ਨੂੰ ਵੀ ਚੱਲਦਾ ਕਰ ਦਿੱਤਾ। ਕਪਤਾਨ ਜੋ ਰੂਟ 9 ਗੇਂਦਾਂ ਵਿਚ ਖਾਂਤਾ ਖੋਲ੍ਹੇ ਬਿਨਾਂ ਹੇਜਲਵੁਡ ਦੀ ਗੇਂਦ 'ਤੇ ਸਲਿਪ 'ਚ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੂਟ 8ਵੀਂ ਵਾਰ ਹੇਜਲਵੁਡ ਦਾ ਸ਼ਿਕਾਰ ਬਣੇ। ਬੇਨ ਸਟੋਕਸ 5 ਦੌੜਾਂ ਬਣਾਉਣ ਤੋਂ ਬਾਅਦ ਕਮਿੰਸ ਦਾ ਸ਼ਿਕਾਰ ਬਣੇ। ਓਪਨਰ ਹਸੀਮ ਹਮੀਦ ਨੂੰ ਕਮਿੰਸ ਨੇ ਟੀਮ ਦੇ 60 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜਿਆ। ਹਮੀਦ ਨੇ 75 ਗੇਂਦਾਂ ਖੇਡ ਕੇ 25 ਦੌੜਾਂ ਬਣਾਈਆਂ। ਓਲੀ ਪੋਪ ਤੇ ਜੋਸ ਬਟਲਰ ਨੇ 6ਵੇਂ ਵਿਕਟ ਲਈ 52 ਦੌੜਾਂ ਜੋੜੀਆਂ। ਬਟਲਰ ਨੂੰ ਸਟਾਰਕ ਨੇ ਵਿਕਟ ਦੇ ਪਿੱਛੇ ਕੈਰੀ ਦੇ ਹੱਥੋਂ ਕੈਚ ਕਰਵਾਇਆ।
ਕਮਿੰਸ ਇਸ ਤਰ੍ਹਾਂ ਟੈਸਟ ਕਪਤਾਨੀ ਦੇ ਡੈਬਿਊ 'ਚ 5 ਵਿਕਟਾਂ ਲੈਣ ਵਾਲੇ ਦੂਜੇ ਆਸਟਰੇਲੀਆਈ ਕਪਤਾਨ ਬਣੇ। ਇਸ ਤੋਂ ਪਹਿਲਾਂ ਜਿਆਰਜ ਗਿਫੇਨ ਨੇ 1894 ਵਿਚ ਕਪਤਾਨੀ 'ਚ ਡੈਬਿਊ ਕਰਦੇ ਹੋਏ ਇੰਗਲੈਂਡ ਖਿਲਾਫ ਮੈਲਬੋਰਨ 'ਚ ਦੂਜੀ ਪਾਰੀ ਵਿਚ 155 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।