ਦੋਸਤੀ ਵਿਚ ਵੱਡਾ ਧੋਖਾ, ਦੋਸਤ ਦੀ ਪਤਨੀ ਨੂੰ ਬੇਹੋਸ਼ ਕਰਕੇ ਕੀਤਾ...
Monday, Mar 09, 2026 - 05:50 PM (IST)
ਫ਼ਰੀਦਕੋਟ (ਜਗਦੀਸ਼) : ਇਕ ਵਿਆਹੁਤਾ ਦੇ ਪਤੀ ਨਾਲ ਦੋਸਤੀ ਦਾ ਫਾਇਦਾ ਚੁੱਕਦਿਆਂ ਸ਼ਹਿਰ ਨਿਵਾਸੀ ਇਕ ਵਿਆਹੁਤਾ ਨੂੰ ਨਸ਼ਾ ਪਿਲਾ ਕੇ ਪਹਿਲਾਂ ਅਸ਼ਲੀਲ ਵੀਡੀਓ ਬਣਾ ਕੇ ਅਤੇ ਫਿਰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਵਾਰ-ਵਾਰ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਥਾਣਾ ਸਿਟੀ-2 ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੀੜਤ ਵਿਆਹੁਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੇ ਦੋ ਬੱਚੇ ਹਨ ਅਤੇ ਉਸਦਾ ਪਤੀ ਚੰਡੀਗੜ੍ਹ ਵਿਖੇ ਕੰਮ ਕਰਦਾ ਹੈ। ਸ਼ਿਕਾਇਤਕਰਤਾ ਅਨੁਸਾਰ ਕੁਲਦੀਪ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਉਸਦੇ ਪਤੀ ਦਾ ਦੋਸਤ ਹੈ ਜਿਸਨੇ ਸ਼ਿਕਾਇਤਕਰਤਾ ਨੂੰ ਇੱਥੋਂ ਦੇ ਮੈਡੀਕਲ ਕੋਲ ਨਵੀਂ ਪੀ.ਜੀ ਖ੍ਰੀਦਣ ਦੀ ਸਲਾਹ ਦਿੱਤੀ ਜਿਸ’ਤੇ ਸ਼ਿਕਾਇਤਕਰਤਾ ਨੂੰ ਉਹ ਪੀ.ਜੀ ਵਿਖਾਉਣ ਲਈ ਆਪਣੇ ਨਾਲ ਲੈ ਗਿਆ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕੁਲਦੀਪ ਸਿੰਘ ਨੇ ਉਸਨੂੰ ਚਾਹ ਵਿਚ ਪਾ ਕੇ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ ਅਤੇ ਜਦੋਂ ਉਸਨੂੰ ਹੋਸ਼ ਆਇਆ ਤਾਂ ਸ਼ਿਕਾਇਤਕਰਤਾ ਕੁਲਦੀਪ ਸਿੰਘ ਨਾਲ ਨਗਨ ਹਾਲਤ ਵਿਚ ਪਈ ਸੀ ਅਤੇ ਜਦੋਂ ਉਸਨੇ ਵਿਰੋਧ ਕੀਤਾ ਤਾਂ ਕੁਲਦੀਪ ਸਿੰਘ ਨੇ ਬਣਾਈ ਅਸ਼ਲੀਲ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸਦੀ ਮਰਜ਼ੀ ਤੋਂ ਬਗੈਰ ਵਾਰ-ਵਾਰ ਸਰੀਰਕ ਸਬੰਧ ਬਣਾਏ। ਇਸ ਮਾਮਲੇ ਵਿਚ ਇੰਸਪੈਕਟਰ ਸੁਖਦਰਸ਼ਨ ਸ਼ਰਮਾ ਮੁਖੀ ਥਾਣਾ ਸਿਟੀ-2 ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
