''5 ਦਿਨ ਬੰਦ ਰਹੇਗੀ ਪੰਜਾਬ ਦੀ ਇੰਡਸਟਰੀ..!'', ਈਰਾਨ-ਇਜ਼ਰਾਈਲ ਜੰਗ ਨੇ ਖੜ੍ਹੀ ਕੀਤੀ ਮੁਸੀਬਤ

Thursday, Mar 12, 2026 - 12:29 PM (IST)

''5 ਦਿਨ ਬੰਦ ਰਹੇਗੀ ਪੰਜਾਬ ਦੀ ਇੰਡਸਟਰੀ..!'', ਈਰਾਨ-ਇਜ਼ਰਾਈਲ ਜੰਗ ਨੇ ਖੜ੍ਹੀ ਕੀਤੀ ਮੁਸੀਬਤ

ਖੰਨਾ (ਵਿਪਨ): ਈਰਾਨ-ਇਜ਼ਰਾਈਲ ਜੰਗ ਵਿਚਾਲੇ ਗੈਸ ਸਪਲਾਈ ਪ੍ਰਭਾਵਿਤ ਹੋਣ ਦਾ ਅਸਰ ਹੁਣ ਪੰਜਾਬ 'ਤੇ ਵੀ ਦਿਸਣ ਲੱਗ ਪਿਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਵੀ ਇਸ ਤੋਂ ਪ੍ਰਭਾਵਿਤ ਹੋਣ ਲੱਗ ਪਈ ਹੈ। ਗੈਸ ਕੰਪਨੀਆਂ ਨੇ ਇੱਥੇ ਇੱਥੇ ਦੀਆਂ ਉਦਯੋਗਿਕ ਇਕਾਈਆਂ ਨੂੰ ਮਿਲਣ ਵਾਲੀ ਗੈਸ ਸਪਲਾਈ ਵਿਚ ਤਕਰੀਬਨ 70 ਫਞੀਸਦੀ ਤਕ ਕਟੌਤੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗੈਸ ਦੀਆਂ ਕੀਮਤਾਂ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਉਦਯੋਗਪਤੀ ਗੰਭੀਰ ਚਿੰਤਾ ਵਿਚ ਹਨ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿਚ ਇੰਡਸਟਰੀ ਹਫ਼ਤੇ ਵਿਚ ਮਹਿਜ਼ 2 ਦਿਨ ਹੀ ਚੱਲ ਸਕੇਗੀ ਤੇ ਬਾਕੀ 5 ਦਿਨ ਇੰਡਸਟਰੀ ਬੰਦ ਰੱਖਣ ਤਕ ਦੀ ਨੌਬਤ ਆ ਸਕਦੀ ਹੈ। 

ਆਲ ਇੰਡੀਆ ਸਟੀਲ ਰਿ-ਰੋਲਰਸ ਐਸੋਸੀਏਸ਼ਨ ਨਵੀਂ ਦਿੱਲੀ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਨੋਟਿਸ ਜਾਰੀ ਕਰ ਕੇ ਪੂਰੀ ਇੰਡਸਟਰੀ ਨੂੰ ਪੀ. ਐੱਨ. ਜੀ. 'ਤੇ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਹਿਲਾਂ ਇੰਡਸਟਰੀ ਨੂੰ ਲੋੜ ਤੋਂ ਤਕਰੀਬਨ 20 ਫ਼ੀਸਦੀ ਵਾਧੂ ਗੈਸ ਮਿਲ ਜਾਂਦੀ ਸੀ, ਯਾਨੀ ਤਕਰੀਬਨ 120 ਫ਼ੀਸਦੀ ਸਪਲਾਈ ਸੀ, ਪਰ ਹੁਣ ਲੋੜੀਂਦੀ ਗੈਸ ਵਿਚੋਂ ਤਕਰੀਬਨ 50 ਫ਼ੀਸਦੀ ਕੱਟ ਲਗਾ ਦਿੱਤਾ ਗਿਆ ਹੈ। ਅਜਿਹੇ ਹਾਲਾਤ ਵਿਚ ਉਦਯੋਗ ਹਫ਼ਤੇ ਵਿਚ ਮੁਸ਼ਕਲ ਨਾਲ ਦੋ ਦਿਨ ਹੀ ਚੱਲ ਸਕਣਗੇ ਤੇ 5 ਦਿਨ ਇੰਡਸਟਰੀ ਬੰਦ ਰੱਖਣ ਦੀ ਨੌਬਤ ਵੀ ਆ ਸਕਦੀ ਹੈ। 

ਉਨ੍ਹਾਂ ਦੱਸਿਆ ਕਿ ਪੀ. ਐੱਨ. ਜੀ. 'ਤੇ ਇੰਡਸਟਰੀ ਚਲਾਉਣ ਲਈ ਨਵੀਂ ਭੱਠੀ ਲਗਾਉਣ 'ਤੇ ਡੇਢ ਤੋਂ ਦੋ ਕਰੋੜ ਰੁਪਏ ਤਕ ਖਰਚਾ ਆਉਂਦਾ ਹੈ। ਜੇਕਰ ਅਜਿਹੀ ਭੱਠੀ ਵਿਚ ਕੋਲੇ ਦੀ ਵਰਤੋਂ ਕਰ ਲਈ ਜਾਵੇ ਤਾਂ ਉਹ ਖ਼ਰਾਬ ਹੋ ਜਾਂਦੀ ਹੈ ਤੇ ਫ਼ਿਰ ਨਵੀਂ ਭੱਠੀ ਲਗਾਉਣੀ ਪੈਂਦੀ ਹੈ। ਅਜਿਹੇ ਵਿਚ ਉਦਯੋਗਾਂ ਲਈ ਵਾਰ-ਵਾਰ ਇੰਨਾ ਵੱਡਾ ਨਿਵੇਸ਼ ਕਰਨਾ ਸੰਭਵ ਨਹੀਂ ਹੈ। ਉਦਯੋਗਪਤੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਤਕ ਗੈਸ ਸਪਲਾਈ ਸਥਿਰ ਨਹੀਂ ਹੋ ਜਾਂਦੀ, ਉਦੋਂ ਤਕ ਘੱਟੋ-ਘੱਟ ਇਕ ਸਾਲ ਲਈ ਕੋਲੇ ਤੇ ਹੋਰ ਬਦਲਵੇਂ ਈਂਧਨ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਪੂਰੇ ਦੇਸ਼ ਵਿਚ ਉਦਯੋਗਾਂ ਲਈ ਇਕ ਬਰਾਬਰ ਨੀਤੀ ਬਣਾਈ ਜਾਵੇ, ਤਾਂ ਜੋ ਮੁਕਾਬਲੇਬਾਜ਼ੀ ਵਿਚ ਬਰਾਬਰੀ ਰਹੇ ਤੇ ਉਦਯੋਗਾਂ ਨੂੰ ਰਾਹਤ ਮਿਲ ਸਕੇ। 


author

Anmol Tagra

Content Editor

Related News